ਉਸਾਰੀ ਕਿਰਤੀ ਲਾਭਪਾਤਰੀਆਂ ਦੀ ਹੋਰ ਰਹੀ ਲੁੱਟ ਅਤੇ ਖੱਜਲ ਖ਼ੁਆਰੀ ਤੋਂ ਸਰਕਾਰ ਕਿਉਂ ਬੇਖ਼ਬਰ

ਹੈਪੀ ਕਾਠਪਾਲ.ਪੰਜਾਬੀ ਜਾਗਰਣ
ਜਲਾਲਾਬਾਦ : ਉਸਾਰੀ ਕਿਰਤੀ ਲਾਭਪਾਤਰੀਆਂ ਦੇ ਹੱਕ ਵਿੱਚ ਦੇਸ਼ ਦੀ ਪਾਰਲੀਮੈਂਟ ਵਿੱਚ ਬਣੇ ਬੀਓਸੀ ਡਬਲਿਊ ਕਾਨੂੰਨ ਨੂੰ ਭਾਵੇਂ ਕਿ ਕਈ ਦਹਾਕੇ ਬੀਤ ਗਏ, ਪਰੰਤੂ ਇਸ ਦੇ ਬਾਵਜੂਦ ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਸ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਕਿਰਤ ਦਫ਼ਤਰ ਸਾਹਮਣੇ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ ਨੇ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਕਾਨੂੰਨ ਦੇ ਮੁਤਾਬਕ ਉਸਾਰੀ ਕਿਰਤੀ ਦੀ ਕਾਪੀ 14 ਦਿਨਾਂ ਵਿੱਚ ਨਵੀਂ ਬਣਨੀ ਅਤੇ 14 ਦਿਨਾਂ ਵਿੱਚ ਹੀ ਉਸ ਕਾਪੀ ਦਾ ਨਵੀਨੀਕਰਨ ਹੋਣਾ ਜਰੂਰੀ ਹੈ, ਪ੍ਰੰਤੂ ਇਸ ਦੇ ਬਾਵਜੂਦ ਵੀ ਕਿ ਉਹ ਸਾਰੀ ਕਿਰਤੀ ਨੂੰ ਆਪਣੀ ਕਾਪੀ ਬਣਾਉਣ ਜਾਂ ਨਵੀਂ ਕਰਵਾਉਣ ਵਿੱਚ ਉਸ ਦਾ ਸਾਲ ਤੱਕ ਬੀਤ ਜਾਂਦਾ ਹੈ। ਵਜ਼ੀਫਾ 60 ਦਿਨਾਂ ਵਿੱਚ ਤਾਂ ਕੀ ਪਾਸ ਹੋਣਾ 2-2 ਸਾਲ ਲੱਗ ਜਾਂਦੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਇੱਥੇ ਕਿਰਤ ਦਫਤਰ ਵਿੱਚ ਸ਼ਰੇਆਮ ਰਿਸ਼ਵਤ ਖੋਰੀ ਵੱਡੇ ਪੱਧਰ 'ਤੇ ਚੱਲ ਰਹੀ ਹੈ ਅਤੇ ਏਜੈਂਟਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ। ਆਗੂਆਂ ਨੇ ਉਸਾਰੀ ਕਿਰਤੀਆਂ ਦੇ ਭਲਾਈ ਲਈ ਬਣੇ ਬੋਰਡ ਦੇ ਚੇਅਰਮੈਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਨ ਸਿੰਘ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਇਸ ਦੀ ਪੜਤਾਲ ਕਰਾਉਣ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਰਤ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਜਾਂਚ ਪੜਤਾਲ ਕਰਕੇ ਉਹਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਯੂਨੀਅਨ ਵੱਲੋਂ ਜਲਾਲਾਬਾਦ ਕਿਰਤ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਾਜ਼ਰ ਉਸਾਰੀ ਕਿਰਤੀ ਲਾਭਪਾਤਰੀ ਔਰਤਾਂ ਤੇ ਮਰਦਾਂ ਨੇ ਦੋਸ਼ ਲਾਇਆ ਕਿ ਉਹ ਸਵੇਰੇ 3 ਵਜੇ 4 ਵਜੇ ਆਉਂਦੇ ਹਨ ਪ੍ਰੰਤੂ ਵਾਰੀ ਆਉਣ ਤੇ ਉਹਨਾਂ ਨੂੰ ਬੇਰੰਗ ਵਾਪਸ ਭੇਜ ਦਿੱਤਾ ਜਾਂਦਾ ਹੈ। ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਬਲਵੀਰ ਕਾਠਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਕੰਮੀਆਂ ਦੇ ਵਿਹੜਿਆਂ ਵਿੱਚ ਰੌਣਕਾਂ ਲੈ ਕੇ ਆਵੇਗੀ, ਪ੍ਰੰਤੂ ਕਿਰਤੀ ਅੱਜ ਵੀ ਉਸੇ ਤਰ੍ਹਾਂ ਖੱਜਲ ਖੁਆਰ ਹੋ ਰਹੇ ਹਨ। ਜੇਕਰ ਮੁੱਖ ਮੰਤਰੀ ਨੂੰ ਕਿਰਤੀਆਂ ਪ੍ਰਤੀ ਦਰਦ ਹੈ, ਤਾਂ ਉਹ ਜ਼ਰੂਰ ਜਲਾਲਾਬਾਦ ਦਫਤਰ ਦੀ ਜਾਂਚ ਕਰਵਾਉਣ। ਦੂਜੇ ਪਾਸੇ ਕਿਰਤ ਵਿਭਾਗ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਰਤ ਇੰਸਪੈਕਟਰ ਸੌਰਵ ਕਪੂਰ ਨੇ ਕਿਹਾ ਕਿ ਉਹਨਾਂ ਕੋਲ ਸਟਾਫ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।