ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਲਗਾਏ ਟੀਕਾਕਰਨ ਕੈਂਪ
ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਲਗਾਏ ਗਏ ਟੀਕਾਕਰਨ ਕੈਂਪ
Publish Date: Wed, 06 May 2026 04:14 PM (IST)
Updated Date: Wed, 06 May 2026 04:14 PM (IST)

ਫਾਜ਼ਿਲਕਾ:ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਰਿੰਕੂ ਚਾਵਲਾ ਦੀ ਦੇਖ ਰੇਖ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸਿਹਤ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ ਵਿਖੇ ਮਮਤਾ ਦਿਵਸ ਦੌਰਾਨ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਜਾਂਚ, ਟੀਕਾਕਰਨ ਅਤੇ ਜਾਗਰੂਕਤਾ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਬੱਚਿਆਂ ਦਾ ਸਮੇਂ-ਸਮੇਂ ’ਤੇ ਉਚਿਤ ਟੀਕਾਕਰਨ ਕਰਵਾ ਕੇ 12 ਮਾਰੂ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਵ ਜਨਮੇਂ ਬੱਚੇ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ, ਗਲ਼-ਘੋਟੂ, ਕਾਲ਼ੀ ਖਾਂਸੀ, ਟੈਟਨਸ, ਦਿਮਾਗੀ ਬੁਖਾਰ, ਪੀਲ਼ੀਆ, ਖਸਰਾ, ਰੁਬੇਲਾ ਤੇ ਨਿਮੋਨੀਆ ਆਦਿ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਗਾਏ ਜਾਂਦੇ ਹਨ ਅਤੇ ਪੋਲੀਓ ਬੂੰਦਾਂ ਤੇ ਰੋਟਾਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਰਵਾਈਕਲ ਕੈਂਸਰ ਤੋਂ ਬਚਾਅ ਲਈ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਐਚਪੀਵੀ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਸਰਕਾਰੀ ਟੀਕਾਕਰਨ ਸੂਚੀ ਮੁਤਾਬਕ ਟੀਕੇ ਲਗਵਾਏ ਜਾਣ। ਇਸ ਮੌਕੇ ਤੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਸ਼ਾਲੂ ਅਤੇ ਹੋਰ ਸਿਹਤ ਸਟਾਫ ਮੌਜੂਦ ਸਨ।