ਅਣਅਧਿਕਾਰਤ ਤੌਰ 'ਤੇ ਖਾਦਾਂ ਤੇ ਕੀੜੇਮਾਰ ਦਵਾਈਆਂ ਸਟੋਰ ਕਰਨ ’ਤੇ ਛਾਪੇਮਾਰੀ
ਅਣਅਧਿਕਾਰਤ ਤੌਰ 'ਤੇ ਖਾਦਾਂ ਤੇ ਕੀੜੇਮਾਰ ਦਵਾਈਆਂ ਸਟੋਰ ਕਰਨ 'ਤੇ ਰੇਡ, ਐਫਆਈਆਰ ਦਰਜ
Publish Date: Sat, 16 May 2026 05:10 PM (IST)
Updated Date: Sat, 16 May 2026 05:12 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਣਅਧਿਕਾਰਤ ਤਰੀਕੇ ਨਾਲ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਸਟੋਰ ਅਤੇ ਖਰੀਦਦਾਰੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਡਾਇਰੈਕਟਰ ਖੇਤੀਬਾੜੀ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਹਰਬੰਸ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ 14 ਮਈ 2026 ਨੂੰ ਡਾ. ਸ਼ਿਸ਼ਪਾਲ ਗੋਦਾਰਾ, ਸਹਾਇਕ ਪੌਦਾ ਸੁਰੱਖਿਆ ਅਫਸਰ ਅਬੋਹਰ, ਵਿਕਰਾਂਤ ਇੰਸੈਕਟੀਸਾਈਡ ਇੰਸਪੈਕਟਰ, ਅਜੇ ਪਾਲ ਖਾਦ ਇੰਸਪੈਕਟਰ ਅਤੇ ਹੋਰ ਟੀਮ ਮੈਂਬਰਾਂ ਵੱਲੋਂ ਨਵੀਂ ਅਨਾਜ ਮੰਡੀ ਅਬੋਹਰ ਦੀ ਦੁਕਾਨ ਨੰਬਰ 77 ਤੇ ਰੇਡ ਕੀਤੀ ਗਈ। ਵਿਭਾਗ ਅਨੁਸਾਰ ਇਹ ਕਾਰਵਾਈ ਵਿਜੇ ਕੰਬੋਜ ਪੁੱਤਰ ਲੇਖਰਾਜ ਵਾਸੀ ਢਾਣੀ ਕਰਨੈਲ, ਤਹਿਸੀਲ ਅਬੋਹਰ ਵੱਲੋਂ ਅਣਅਧਿਕਾਰਤ ਤੌਰ ਤੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਖਰੀਦ ਕੇ ਸਟੋਰ ਕਰਨ ਦੇ ਮਾਮਲੇ ਵਿੱਚ ਕੀਤੀ ਗਈ। ਰੇਡ ਦੌਰਾਨ ਖਾਦ ਅਤੇ ਗ੍ਰਿਫਿਨ 144×4 ਕਿਲੋ ਸਟਾਕ ਸਮੇਤ ਕਾਰਟੈਪ ਹਾਈਡ੍ਰੋਕਲੋਰਾਈਡ 4% ਜੀ.ਆਰ. ਪੇਸਟਿਸਾਈਡ ਦੇ ਸੈਂਪਲ ਲੈ ਕੇ ਮਾਲ ਸੀਜ਼ ਕੀਤਾ ਗਿਆ। ਵਿਭਾਗ ਨੇ ਦੱਸਿਆ ਕਿ ਖਾਦਾਂ ਅਤੇ ਦਵਾਈਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕਰਨ ਦੇ ਦੋਸ਼ ਹੇਠ ਵਿਜੇ ਕੰਬੋਜ ਖ਼ਿਲਾਫ਼ ਐਫਆਈਆਰ ਨੰਬਰ 0148 ਮਿਤੀ 15 ਮਈ 2026 ਦਰਜ ਕੀਤੀ ਗਈ ਹੈ। ਇਹ ਮਾਮਲਾ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) 2023 ਦੀ ਧਾਰਾ 318(4) ਅਤੇ ਇਨਸੈਕਟੀਸਾਈਡ ਐਕਟ 1968 ਦੀ ਧਾਰਾ 29 ਤਹਿਤ ਦਰਜ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਸਿੱਧੂ ਨੇ ਕਿਹਾ ਕਿ ਜੋ ਵੀ ਵਿਅਕਤੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਧੋਖਾਧੜੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।