ਮੰਡੀ ਲਾਧੂਕਾ ਦੀ ਅਨਾਜ ਮੰਡੀ ਵਿੱਚ ਪਨਸਪ ਦੀ ਲਿਫਟਿੰਗ ਰੁਕੀ
ਮੰਡੀ ਲਾਧੂਕਾ ਦੀ ਅਨਾਜ ਮੰਡੀ ਵਿੱਚ ਪਨਸਪ ਦੀ ਲਿਫਟਿੰਗ ਰੁਕੀ, ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ
Publish Date: Sat, 02 May 2026 06:22 PM (IST)
Updated Date: Sat, 02 May 2026 06:23 PM (IST)
ਜ਼ਿਲ੍ਹੇ ਸਿੰਘ, ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਲਾਧੂਕਾ ਦੀ ਅਨਾਜ ਮੰਡੀ ਵਿੱਚ ਪਨਸਪ ਏਜੰਸੀ ਵੱਲੋਂ ਸਮੇਂ ਸਿਰ ਲਿਫਟਿੰਗ ਨਾ ਹੋਣ ਕਾਰਨ ਖਰੀਦੀ ਹੋਈ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਮੰਡੀ ਦੇ ਕਈ ਹਿੱਸਿਆਂ ਵਿੱਚ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ, ਜਿਸ ਕਾਰਨ ਮੌਸਮੀ ਬਦਲਾਅ ਨਾਲ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ। ਆੜ੍ਹਤੀਆਂ ਨੇ ਦੱਸਿਆ ਕਿ ਪਨਸਪ ਵੱਲੋਂ ਲਿਫਟਿੰਗ ਵਿੱਚ ਹੋ ਰਹੀ ਦੇਰੀ ਕਾਰਨ ਮੰਡੀ ਵਿੱਚ ਥਾਂ ਦੀ ਘਾਟ ਪੈ ਰਹੀ ਹੈ ਅਤੇ ਨਵੀਂ ਆ ਰਹੀ ਫਸਲ ਦੀ ਸੰਭਾਲ ਕਰਨੀ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਕਾਰਨ ਉਨ੍ਹਾਂ ਨੂੰ ਆਰਥਿਕ ਤੇ ਪ੍ਰਬੰਧਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਵੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਜੇਕਰ ਸਮੇਂ ਸਿਰ ਕਣਕ ਦੀ ਉਠਾਈ ਨਾ ਹੋਈ ਤਾਂ ਉਨ੍ਹਾਂ ਦੀ ਮਿਹਨਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਮੰਡੀ ਲਾਧੂਕਾ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਪ੍ਰਕਿਰਿਆ ਨੂੰ ਤੁਰੰਤ ਸੁਧਾਰਿਆ ਜਾਵੇ। ਕਿਸਾਨਾਂ ਅਤੇ ਆੜ੍ਹਤੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਹਾਲਾਤ ਜਲਦੀ ਠੀਕ ਨਾ ਕੀਤੇ ਗਏ ਤਾਂ ਉਹ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।