ਪੰਜਾਵਾ ’ਚ ਪਾਣੀ ਦੀ ਟੈਂਕੀ ’ਚੋਂ ਮਰੀਆਂ ਮੱਛੀਆਂ ਮਿਲਣ ਨਾਲ ਦਹਿਸ਼ਤ
ਪੰਜਾਵਾ ਪਿੰਡ ਦੀ ਪਾਣੀ ਵਾਲੀ ਟੈਂਕੀ ਵਿੱਚੋਂ ਮਰੀਆਂ ਮੱਛੀਆਂ ਮਿਲਣ ਨਾਲ ਦਹਿਸ਼ਤ, ਸਪਲਾਈ ਬੰਦ
Publish Date: Sat, 09 May 2026 04:53 PM (IST)
Updated Date: Sat, 09 May 2026 04:54 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੰਜਾਵਾ ਵਿੱਚ ਪੀਣ ਵਾਲੇ ਪਾਣੀ ਦੀ ਟੈਂਕੀ ਵਿੱਚੋਂ ਵੱਡੀ ਗਿਣਤੀ ਵਿੱਚ ਮਰੀਆਂ ਮੱਛੀਆਂ ਮਿਲਣ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਤੁਰੰਤ ਪਿੰਡ ਨੂੰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਅਤੇ ਪਾਣੀ ਦੇ ਸੈਂਪਲ ਜਾਂਚ ਲਈ ਲੈਬ ਭੇਜ ਦਿੱਤੇ। ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਪਿੰਡ ਵਾਸੀਆਂ ਨੇ ਪਿੰਡ ਦੇ ਨਾਲ ਲੱਗਦੀ ਦੌਲਤਪੁਰਾ ਨਹਿਰ ਨੇੜੇ ਸਥਿਤ ਪਾਣੀ ਦੀ ਟੈਂਕੀ ਵਿੱਚ ਵੱਡੀ ਗਿਣਤੀ ਵਿੱਚ ਮਰੀਆਂ ਮੱਛੀਆਂ ਤੈਰਦੀਆਂ ਦੇਖੀਆਂ। ਟੈਂਕੀ ਵਿੱਚੋਂ ਬਦਬੂ ਆਉਣ ਕਾਰਨ ਪਿੰਡ ਵਾਸੀਆਂ ਵਿੱਚ ਚਿੰਤਾ ਵਧ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਟੈਂਕੀ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਵਰਤੀ ਜਾਂਦੀ ਹੈ। ਮੱਛੀਆਂ ਦੀ ਅਚਾਨਕ ਮੌਤ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਾਣੀ ਕਿਸੇ ਜ਼ਹਿਰੀਲੇ ਜਾਂ ਦੂਸ਼ਿਤ ਤੱਤ ਨਾਲ ਪ੍ਰਭਾਵਿਤ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਮਾਮਲੇ ਦਾ ਪਤਾ ਨਾ ਲੱਗਦਾ ਤਾਂ ਸੈਂਕੜੇ ਲੋਕ ਇਹ ਪਾਣੀ ਵਰਤ ਸਕਦੇ ਸਨ, ਜਿਸ ਨਾਲ ਵੱਡਾ ਸਿਹਤ ਸੰਕਟ ਪੈਦਾ ਹੋ ਸਕਦਾ ਸੀ।ਫਿਲਹਾਲ ਪ੍ਰਸ਼ਾਸਨ ਵੱਲੋਂ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ ਅਤੇ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।