ਜ਼ਿਲ੍ਹਾ ਫ਼ਾਜ਼ਿਲਕਾ ’ਚ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੀਆਂ ਨਗਰ ਕੌਂਸਲ ਚੋਣਾਂ
ਨਗਰ ਕੌਂਸਲ ਚੋਣਾਂ ਸ਼ਾਮ 5 ਵਜੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੀਆਂ
Publish Date: Tue, 26 May 2026 07:00 PM (IST)
Updated Date: Tue, 26 May 2026 07:01 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫ਼ਾਜ਼ਿਲਕਾ : ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਸ਼ਾਮ 5 ਵਜੇ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋ ਗਈਆਂ। ਸਵੇਰੇ 8 ਵਜੇ ਤੋਂ ਹੀ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਦਿਨ ਚੜ੍ਹਦੇ ਹੀ ਚੋਣੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਸ਼ਹਿਰ ਦੇ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਵਿੱਚ ਵੋਟ ਪਾਉਣ ਲਈ ਖਾਸ ਉਤਸ਼ਾਹ ਦੇਖਿਆ ਗਿਆ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕੁੱਲ 86 ਵਾਰਡਾਂ ਲਈ ਚੋਣ ਪ੍ਰਕਿਰਿਆ ਕਰਵਾਈ ਗਈ। ਇਸ ਵਿੱਚ ਨਗਰ ਨਿਗਮ ਅਬੋਹਰ ਦੇ 50 ਵਾਰਡਾਂ ਲਈ 120 ਪੋਲਿੰਗ ਬੂਥ ਬਣਾਏ ਗਏ, ਜਦਕਿ ਨਗਰ ਕੌਂਸਲ ਫ਼ਾਜ਼ਿਲਕਾ ਦੇ 25 ਵਾਰਡਾਂ ਲਈ 58 ਪੋਲਿੰਗ ਬੂਥ ਸਥਾਪਿਤ ਕੀਤੇ ਗਏ। ਇਸ ਤੋਂ ਇਲਾਵਾ ਨਗਰ ਪੰਚਾਇਤ ਅਰਨੀਵਾਲਾ ਦੇ 11 ਵਾਰਡਾਂ ਲਈ 11 ਪੋਲਿੰਗ ਬੂਥ ਬਣਾਏ ਗਏ। ਫ਼ਾਜ਼ਿਲਕਾ ਨਗਰ ਕੌਂਸਲ ਦੇ 25 ਵਾਰਡਾਂ ਵਿੱਚੋਂ ਕੁੱਲ 120 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਹਰ ਵਾਰਡ ਵਿੱਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਪੂਰਾ ਜ਼ੋਰ ਲਗਾਇਆ ਗਿਆ। ਕਈ ਬੂਥਾਂ ਦੇ ਬਾਹਰ ਚੋਣੀ ਰੌਣਕ ਸਵੇਰੇ ਤੋਂ ਹੀ ਬਣੀ ਰਹੀ। ਸਵੇਰੇ ਨਗਰ ਨਿਗਮ ਅਬੋਹਰ ’ਚ ਕਰੀਬ 17 ਫੀਸਦੀ, ਨਗਰ ਕੌਂਸਲ ਫ਼ਾਜ਼ਿਲਕਾ ਵਿੱਚ 18 ਫੀਸਦੀ ਅਤੇ ਨਗਰ ਪੰਚਾਇਤ ਅਰਨੀਵਾਲਾ ਵਿੱਚ ਲਗਭਗ 30 ਫੀਸਦੀ ਮੱਤਦਾਨ ਦਰਜ ਕੀਤਾ ਗਿਆ। ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ। ਸੰਵੇਦਨਸ਼ੀਲ ਬੂਥਾਂ ’ਤੇ ਵਾਧੂ ਪੁਲਿਸ ਫੋਰਸ ਤੈਨਾਤ ਰਹੀ, ਜਦਕਿ ਸੀਨੀਅਰ ਅਧਿਕਾਰੀ ਲਗਾਤਾਰ ਹਾਲਾਤਾਂ ’ਤੇ ਨਜ਼ਰ ਰੱਖਦੇ ਰਹੇ। ਸ਼ਹਿਰ ਵਿੱਚ ਕਈ ਥਾਵਾਂ ’ਤੇ ਬਜ਼ੁਰਗ ਵੋਟਰਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਵੋਟ ਪਾਉਣ ਆਉਂਦੇ ਦੇਖਿਆ ਗਿਆ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਵਿੱਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਵਾਰਡ ਨੰਬਰ 15, 20 ਤੇ 22 ’ਚ ਹੋਈ ਤਕਰਾਰ ਚੋਣ ਪ੍ਰਕਿਰਿਆ ਦੌਰਾਨ ਭਾਵੇਂ ਜ਼ਿਆਦਾਤਰ ਥਾਵਾਂ ’ਤੇ ਮਾਹੌਲ ਸ਼ਾਂਤਮਈ ਰਿਹਾ, ਪਰ ਫ਼ਾਜ਼ਿਲਕਾ ਦੇ ਵਾਰਡ ਨੰਬਰ 15, 20 ਅਤੇ 22 ਵਿੱਚ ਛੋਟੀਆਂ-ਮੋਟੀਆਂ ਝੜਪਾਂ ਅਤੇ ਤਕਰਾਰਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ। ਕੁਝ ਥਾਵਾਂ ’ਤੇ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਤਿੱਖੀ ਬਹਿਸ ਹੋਈ ਜਿਸ ਕਾਰਨ ਮਾਹੌਲ ਕੁਝ ਸਮੇਂ ਲਈ ਤਣਾਅਪੂਰਨ ਬਣ ਗਿਆ। ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਹਾਲਾਤਾਂ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਪੂਰੇ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਸੀ। ਕੁਝ ਥਾਵਾਂ ’ਤੇ ਸਮਰਥਕਾਂ ਨੂੰ ਖਦੇੜ ਕੇ ਹਾਲਾਤ ਆਮ ਕੀਤੇ ਗਏ।