ਕੌਮਫੀ ਇੰਟਰਨੈਸ਼ਨਲ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਮਦਰਸ ਡੇਅ
ਕੌਮਫੀ ਇੰਟਰਨੈਸ਼ਨਲ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਮਦਰਸ ਡੇ
Publish Date: Sat, 09 May 2026 04:54 PM (IST)
Updated Date: Sat, 09 May 2026 04:56 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਮਦਨ ਗੋਪਾਲ ਰੋਡ ਸਥਿਤ ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਅੱਜ ਮਦਰਸ ਡੇ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਗੁੰਬਰ ਵੱਲੋਂ ਜੋਤ ਜਗਾ ਕੇ ਕੀਤੀ ਗਈ। ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਭਾਗ ਲਿਆ। ਸਮਾਰੋਹ ਦੌਰਾਨ ਬੱਚਿਆਂ ਨੇ ਗੀਤ, ਨਾਚ ਅਤੇ ਮਾਂ ਦੇ ਸਤਿਕਾਰ ’ਤੇ ਆਧਾਰਿਤ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮੌਜੂਦ ਦਰਸ਼ਕਾਂ ਦਾ ਮਨ ਮੋਹ ਲਿਆ। ਬੱਚਿਆਂ ਨੇ ਆਪਣੀਆਂ ਮਾਵਾਂ ਨੂੰ ਸਮਰਪਿਤ ਭਾਵੁਕ ਨਾਚ ਪੇਸ਼ ਕੀਤੇ ਅਤੇ ਪ੍ਰਭਾਵਸ਼ਾਲੀ ਭਾਸ਼ਣਾਂ ਰਾਹੀਂ ਮਾਂ ਦੇ ਪਿਆਰ ਅਤੇ ਸਨਮਾਨ ਨੂੰ ਪ੍ਰਗਟ ਕੀਤਾ। “ਤੂੰ ਕਿੰਨੀ ਅੱਛੀ ਹੈ, ਤੂੰ ਕਿੰਨੀ ਪਿਆਰੀ ਹੈ, ਓ ਮਾਂ ਓ ਮਾਂ” ਵਰਗੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸਮਾਗਮ ਦਾ ਖਾਸ ਆਕਰਸ਼ਣ ਉਹ ਪਲ ਰਿਹਾ ਜਦੋਂ ਕੁਝ ਮਾਵਾਂ ਨੇ ਆਪਣੇ ਬੱਚਿਆਂ ਨਾਲ ਸਟੇਜ ’ਤੇ ਆ ਕੇ ਨਾਚ ਰਾਹੀਂ ਆਪਣਾ ਪਿਆਰ ਪ੍ਰਗਟ ਕੀਤਾ। ਇਸ ਤੋਂ ਇਲਾਵਾ ਮਾਵਾਂ ਦੇ ਮਨੋਰੰਜਨ ਲਈ ਵੱਖ-ਵੱਖ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਗੁੰਬਰ ਨੇ ਮਦਰਸ ਡੇ ਦੀ ਵਧਾਈ ਦਿੰਦਿਆਂ ਕਿਹਾ ਕਿ ਮਾਂ ਸਾਡੀ ਸਭ ਤੋਂ ਵੱਡੀ ਗੁਰੂ ਹੈ, ਜੋ ਸਾਨੂੰ ਪਿਆਰ, ਰਹਿਮ ਅਤੇ ਨਿਡਰਤਾ ਦਾ ਪਾਠ ਪੜ੍ਹਾਉਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿਆਰ ਫੁੱਲ ਵਾਂਗ ਮਿੱਠਾ ਹੈ ਤਾਂ ਮਾਂ ਉਸ ਪਿਆਰ ਦਾ ਸਭ ਤੋਂ ਮਿੱਠਾ ਫੁੱਲ ਹੈ। ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਅਤੇ ਮਾਵਾਂ ਨੂੰ ਸਿਮਰਤੀ ਚਿੰਨ੍ਹ ਅਤੇ ਫੁੱਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਹਾਜ਼ਰ ਬੱਚਿਆਂ ਨੇ ਆਪਣੀਆਂ ਮਾਵਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।