ਅਬੋਹਰ ਸਿਵਲ ਹਸਪਤਾਲ 'ਚ ਬਾਂਦਰ ਦਾ ਤਾਂਡਵ: ਵਾਰਡਾਂ 'ਚ ਮਚਾਈ ਤਬਾਹੀ, ਡ੍ਰਿੱਪ ਦੀਆਂ ਬੋਤਲਾਂ ਤੋੜੀਆਂ, ਕਈ ਮਰੀਜ਼ ਕੀਤੇ ਜ਼ਖ਼ਮੀ
ਹਸਪਤਾਲ ਦੇ ਸਟਾਫ ਨੇ ਐਸਐਮਓ ਨੂੰ ਸੂਚਿਤ ਕੀਤਾ, ਜਿਸਨੇ ਫਿਰ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਬਾਂਦਰ ਨੂੰ ਫੜਨ ਲਈ ਸੂਚਿਤ ਕੀਤਾ। ਇਸ ਲਿਖਤ ਤੱਕ, ਬਾਂਦਰ ਨੂੰ ਫੜਨ ਲਈ ਕੋਈ ਟੀਮ ਹਸਪਤਾਲ ਨਹੀਂ ਪਹੁੰਚੀ ਸੀ।
Publish Date: Thu, 23 Apr 2026 02:53 PM (IST)
Updated Date: Thu, 23 Apr 2026 02:54 PM (IST)
ਸਟਾਫ ਰਿਪੋਰਟਰ.ਪੰਜਾਬੀ ਜਾਗਰਣ,ਫਾਜ਼ਿਲਕਾ : ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਬਾਂਦਰ ਨੇ ਤਬਾਹੀ ਮਚਾ ਦਿੱਤੀ, ਜਿਸ ਨਾਲ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਵਿੱਚ ਦਹਿਸ਼ਤ ਫੈਲ ਗਈ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਡਾਕਟਰਾਂ ਅਤੇ ਮਰੀਜ਼ਾਂ ਨੂੰ ਆਪਣੇ ਕਮਰੇ ਛੱਡ ਕੇ ਭੱਜਣਾ ਪਿਆ। ਬਾਂਦਰ ਨੇ ਕਈ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਵੀ ਜ਼ਖਮੀ ਕਰ ਦਿੱਤਾ।
ਜਾਣਕਾਰੀ ਮੁਤਾਬਿਕ ਇੱਕ ਬਾਂਦਰ ਹਸਪਤਾਲ ਦੇ ਅੰਦਰ ਦਾਖਲ ਹੋਇਆ। ਛਾਲ ਮਾਰ ਕੇ ਵਾਰਡ ਦੇ ਅੰਦਰ ਦਾਖ਼ਲ ਹੋ ਗਿਆ । ਉਸ ਦੋ ਬਾਅਦ ਉਹ ਐਮਰਜੈਂਸੀ ਵਾਰਡ ਅਤੇ ਮੈਟਰਨਿਟੀ ਵਾਰਡ ਵਿੱਚ ਦਾਖਲ ਹੋ ਗਿਆ। ਵਾਰਡ ਵਿੱਚ ਮਰੀਜ਼ਾਂ ਨਾਲ ਜੁੜੀਆਂ ਡ੍ਰਿੱਪ ਬੋਤਲਾਂ ਅਤੇ ਖੂਨ ਦੀ ਬੋਤਲ ਤੋੜ ਦਿੱਤੀ । ਇਹ ਦੇਖ ਕੇ, ਵਾਰਡ ਵਿੱਚ ਇਲਾਜ ਕਰਵਾ ਰਹੇ ਮਰੀਜ਼ ਆਪਣੇ ਕਮਰਿਆਂ ਤੋਂ ਬਾਹਰ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਬਾਂਦਰ ਨੇ ਇੰਦਰਾ ਨਗਰੀ ਦੀ ਰਹਿਣ ਵਾਲੀ ਨੀਲਮ ਰਾਣੀ ਅਤੇ ਇਲਾਜ ਲਈ ਆਏ ਚਾਰ ਹੋਰ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਬਾਅਦ ਵਿੱਚ ਟੀਕਾ ਲਗਾਇਆ ਗਿਆ ਅਤੇ ਛੁੱਟੀ ਦੇ ਦਿੱਤੀ ਗਈ। ਬਾਂਦਰ ਦੀ ਦਹਿਸ਼ਤ ਨੂੰ ਦੇਖ ਕੇ, ਕਿਸੇ ਵਿੱਚ ਵੀ ਉਸਨੂੰ ਭਜਾਉਣ ਦੀ ਹਿੰਮਤ ਨਹੀਂ ਹੋਈ।
ਹਸਪਤਾਲ ਦੇ ਸਟਾਫ ਨੇ ਐਸਐਮਓ ਨੂੰ ਸੂਚਿਤ ਕੀਤਾ, ਜਿਸਨੇ ਫਿਰ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਬਾਂਦਰ ਨੂੰ ਫੜਨ ਲਈ ਸੂਚਿਤ ਕੀਤਾ। ਇਸ ਲਿਖਤ ਤੱਕ, ਬਾਂਦਰ ਨੂੰ ਫੜਨ ਲਈ ਕੋਈ ਟੀਮ ਹਸਪਤਾਲ ਨਹੀਂ ਪਹੁੰਚੀ ਸੀ।