ਫਾਜ਼ਿਲਕਾ ਆਸ਼ਰਮ ਵਿਖੇ ਸਤਿਸੰਗ ਦੌਰਾਨ ਬ੍ਰਹਮਗਿਆਨ ਦਾ ਸੰਦੇਸ਼
ਫਾਜ਼ਿਲਕਾ ਆਸ਼ਰਮ ਵਿਖੇ ਸਤਿਸੰਗ ਦੌਰਾਨ ਬ੍ਰਹਮਗਿਆਨ ਦਾ ਸੰਦੇਸ਼
Publish Date: Tue, 19 May 2026 04:56 PM (IST)
Updated Date: Tue, 19 May 2026 04:58 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਿਤ ਫਾਜ਼ਿਲਕਾ ਆਸ਼ਰਮ ਵਿਖੇ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸੇਵਿਕਾ ਸਾਧਵੀ ਹਰਪਿੰਦਰ ਭਾਰਤੀ ਜੀ ਨੇ ਸੰਗਤਾਂ ਨੂੰ ਆਧਿਆਤਮਿਕ ਜੀਵਨ ਬਾਰੇ ਪ੍ਰੇਰਣਾਦਾਇਕ ਵਿਚਾਰਾਂ ਨਾਲ ਨਿਹਾਲ ਕੀਤਾ। ਉਨ੍ਹਾਂ ਆਪਣੇ ਸਤਿਸੰਗ ਵਿਚਾਰਾਂ ਵਿੱਚ ਕਿਹਾ ਕਿ ਜੋ ਲੋਕ ਆਪ ਸਹੀ ਰਸਤੇ ਤੋਂ ਅਣਜਾਣ ਹਨ, ਉਹ ਦੂਜਿਆਂ ਨੂੰ ਸਹੀ ਮਾਰਗ ਨਹੀਂ ਦਿਖਾ ਸਕਦੇ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਚੱਕੀ ਦੀਆਂ ਪਾਟਾਂ ਵਿਚਕਾਰ ਫਸਿਆ ਕਣਕ ਦਾ ਦਾਣਾ ਕਿਸੇ ਨੂੰ ਰਸਤਾ ਨਹੀਂ ਦਿਖਾ ਸਕਦਾ, ਠੀਕ ਉਸੇ ਤਰ੍ਹਾਂ ਭਟਕਦੇ ਮਨ ਵਾਲੇ ਲੋਕ ਮਨੁੱਖ ਨੂੰ ਜੀਵਨ ਦੇ ਕਲਿਆਣ ਜਾਂ ਆਧਿਆਤਮਿਕ ਮਾਰਗ ਵੱਲ ਨਹੀਂ ਲੈ ਜਾ ਸਕਦੇ। ਸਾਧਵੀ ਹਰਪਿੰਦਰ ਭਾਰਤੀ ਜੀ ਨੇ ਕਿਹਾ ਕਿ ਜਿਨ੍ਹਾਂ ਦਾ ਮਨ ਹਰ ਵੇਲੇ ਦੁਨਿਆਵੀ ਮੋਹ-ਮਾਇਆ ਵਿੱਚ ਖਿੰਡਿਆ ਰਹਿੰਦਾ ਹੈ, ਉਹ ਕਦੇ ਵੀ ਬ੍ਰਹਮਗਿਆਨ ਦਾ ਸਹੀ ਰਾਹ ਨਹੀਂ ਦਿਖਾ ਸਕਦੇ। ਇਸ ਲਈ ਮਨੁੱਖ ਨੂੰ ਇੱਕ ਬ੍ਰਹਮਨਿਸ਼ਠ ਗੁਰੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ, ਜੋ ਪਰਮਾਤਮਾ ਦੇ ਸੱਚੇ ਅਨੁਭਵ ਨਾਲ ਜੋੜ ਸਕੇ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਗ੍ਰੰਥ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਸੱਚਾ ਗੁਰੂ ਹੀ ਮਨੁੱਖ ਨੂੰ ਪਰਮ ਬ੍ਰਹਮ ਦੇ ਦਰਸ਼ਨ ਕਰਵਾ ਸਕਦਾ ਹੈ।ਪ੍ਰੋਗਰਾਮ ਦੇ ਅੰਤ ਵਿੱਚ ਸਾਧਵੀ ਗੁਰਪ੍ਰੀਤ ਭਾਰਤੀ ਜੀ ਵੱਲੋਂ ਭਜਨਾਂ ਦੀ ਪੇਸ਼ਕਾਰੀ ਕਰਕੇ ਸੰਗਤਾਂ ਨੂੰ ਭਾਵ-ਵਿਭੋਰ ਕੀਤਾ ਗਿਆ।