ਅੰਤਰਰਾਸ਼ਟਰੀ ਜੱਟ ਸਿੱਖ ਸਭਾ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਚਰਚਾ
ਅੰਤਰਰਾਸ਼ਟਰੀ ਜੱਟ ਸਿੱਖ ਸਭਾ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੀਟਿੰਗ
Publish Date: Mon, 15 Sep 2025 06:25 PM (IST)
Updated Date: Mon, 15 Sep 2025 06:26 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ ਸਰਗਰਮ ਮੈਂਬਰਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਬੁਲਾਈ ਗਈ ਇਕੱਤਰਤਾ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਕੀਤੇ ਗਏ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸੇਵਾਦਾਰ ਜਸਬੀਰ ਸਿੰਘ ਸੰਧੂ, ਸਿਮਰਜੀਤ ਸਿੰਘ ਸੰਧੂ, ਜਸਪਾਲ ਸਿੰਘ ਸੰਧੂ, ਗੁਰਨਾਮ ਸਿੰਘ ਸੰਧੂ, ਸੁਰਜੀਤ ਸਿੰਘ ਪੱਡਾ, ਬਲਜੀਤ ਸਿੰਘ ਸੰਧੂ, ਬਲਰਾਜ ਸਿੰਘ ਚੰਨਣ ਖੇੜਾ, ਸਤਵੰਤ ਸਿੰਘ ਸੰਧੂ, ਮਲਕੀਤ ਸਿੰਘ ਗਰੇਵਾਲ, ਕਮਲ ਸੰਧੂ, ਸੁਖਵਿੰਦਰ ਸਿੰਘ ਸਰਪੰਚ, ਮਾਸਟਰ ਮੋਹਰ ਸਿੰਘ ਔਲਖ, ਜਸਬੀਰ ਸਿੰਘ ਪਿਆਰੇਆਣਾ, ਦਲਜੀਤ ਸਿੰਘ ਗੋਲਡੀ ਸੰਧੂ ਸ਼ਾਮਲ ਹੋਏ। ਜਸਬੀਰ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਜਥੇਦਾਰ ਸਾਹਿਬ ਵੱਲੋਂ ਬੁਲਾਈ ਗਈ। ਇਕੱਤਰਤਾ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇਸ ਵੇਲੇ ਸਰਗਰਮ ਭੂਮਿਕਾ ਨਿਭਾ ਰਹੀਆਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਕਰੀਬ 60 ਜਥੇਬੰਦੀਆਂ ਸ਼ਾਮਿਲ ਹੋਈਆਂ ਸਨ ਅਤੇ ਉਹਨਾਂ ਵੱਲੋਂ ਇਸ ਇਕੱਤਰਤਾ ਵਿੱਚ ਆਪਣੀ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ, ਖਾਲਸਾ ਏਡ, ਦਲ ਖਾਲਸਾ, ਚੀਫ਼ ਖਾਲਸਾ ਦੀਵਾਨ ਤੇ ਪੰਜਾਬ ਦੀਆਂ ਹੋਰ ਪ੍ਰਮੁੱਖ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਸਨ ਅਤੇ ਉਹਨਾਂ ਵੱਲੋਂ ਆਪਣੀ ਜਥੇਬੰਦੀ ਦੇ ਮੰਤਵ, ਕਾਰਜ ਅਤੇ ਜਥੇਬੰਦੀ ਦੇ ਮੈਂਬਰਾਂ/ ਵਲੰਟੀਅਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਸੀ। ਇਕੱਤਰਤਾ ਵਿੱਚ ਮਾਨਯੋਗ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਾਜ਼ਰ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਆਉਣ ਵਾਲੇ ਮੰਗਲਵਾਰ ਤੱਕ ਸਰਕਾਰੇ ਖਾਲਸਾ ਨਾਮ ਦੀ ਇੱਕ ਵੈੱਬਸਾਈਟ ਬਣਾਈ ਜਾਵੇਗੀ, ਜਿਸ ਉੱਪਰ ਸਾਰੀਆਂ ਸਰਗਰਮ ਜਥੇਬੰਦੀਆਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ, ਹਰ ਜਥੇਬੰਦੀ ਦੇ ਦੋ ਵਲੰਟੀਅਰ ਉਸ ਵੈੱਬਸਾਈਟ ਉੱਪਰ ਰਜਿਸਟਰਡ ਕੀਤੇ ਜਾਣਗੇ, ਜੋ ਜਥੇਦਾਰ ਸਾਹਿਬ ਵੱਲੋਂ ਕੋਈ ਹੁਕਮ ਆਉਣ ਤੇ ਜਰੂਰਤ ਵਾਲੀ ਜਗ੍ਹਾ ਤੇ ਆਪਣੀਆਂ ਸੇਵਾਵਾਂ ਦੇਣ ਲਈ ਹਾਜ਼ਰ ਹੋਣਗੇ। ਜਥੇਦਾਰ ਸਾਹਿਬ ਵੱਲੋਂ ਇੱਕ ਪੋਰਟਲ ਬਣਵਾਇਆ ਜਾਵੇਗਾ, ਜਿਸ ਉੱਪਰ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਸ ਜਗ੍ਹਾ ਤੇ ਹੜ੍ਹਾਂ ਨਾਲ ਕਿੰਨਾ ਨੁਕਸਾਨ ਹੋਇਆ ਹੈ, ਕਿਹੜੀ ਜਥੇਬੰਦੀ ਉਸ ਜਗ੍ਹਾ ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ ਜਾਂ ਦੇਵੇਗੀ ਅਤੇ ਕਿਹੜੀ ਜਥੇਬੰਦੀ ਓਥੇ ਸਹਿਯੋਗ ਦੇਵੇਗੀ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੇਵਾ ਕਰ ਰਹੇ ਲੋਕਾਂ ਅਤੇ ਜਥੇਬੰਦੀਆਂ ਦੇ ਵਿਚਕਾਰ ਇੱਕ ਪੁੱਲ ਵਾਂਗ ਕੰਮ ਕਰਨ ਪ੍ਰਤੀਬਧਤਾ ਪ੍ਰਗਟ ਕੀਤੀ ਗਈ। ਜਥੇਬੰਦੀ ਦੀ ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਵੱਲੋਂ ਜਥੇਦਾਰ ਸਾਹਿਬ ਦੇ ਇਹਨਾਂ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਦੀ ਟੀਮ ਨੂੰ ਤਨ ਮਨ ਧਨ ਨਾਲ ਸਹਿਯੋਗ ਦਿੱਤਾ ਜਾਵੇਗਾ।