- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੇਰੇ ਤੜਕੇ ਉੱਠ ਕੇ ਉਹ ਘਰ ਦੇ ਕੰਮ ਕਰਦੀ ਹੈ ਅਤੇ ਫਿਰ ਪਿੰਡ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਖਬਾਰ ਵੰਡਣ ਲਈ ਨਿਕਲ ਪੈਂਦੀ ਹੈ। ਪੜ੍ਹਾਈ ਦੇ ਨਾਲ-ਨਾਲ ਘਰ ਦੀ ਆਰਥਿਕ ਮਦਦ ਕਰਦਿਆਂ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ।

ਰਿਤਿਸ਼ ਕੁੱਕੜ ਪੰਜਾਬੀ ਜਾਗਰਣ, ਫਾਜ਼ਿਲਕਾ : ਪਿੰਡ ਮਾਹੂਆਣਾ ਬੋਦਲਾ ਦੀ ਧੀ ਗੁਰਮੀਤ ਕੌਰ ਨੇ ਹਿੰਮਤ ਤੇ ਜ਼ਿੰਮੇਵਾਰੀ ਦੀ ਮਿਸਾਲ ਕਾਇਮ ਕੀਤੀ ਹੈ। ਘਰ ਦੇ ਹਾਲਾਤ ਕਾਰਨ ਜਿੱਥੇ ਪਹਿਲਾਂ ਉਸ ਦੇ ਤਾਇਆ ਜੀ ਅਖਬਾਰ ਵੰਡਣ ਜਾਂਦੇ ਸਨ ਅਤੇ ਬਾਅਦ ਵਿੱਚ ਪਿਤਾ ਜੀ ਇਹ ਕੰਮ ਕਰਦੇ ਰਹੇ, ਉਥੇ ਹੁਣ ਪਿਤਾ ਦੀ ਲੱਤ ’ਤੇ ਸੱਟ ਲੱਗਣ ਕਰ ਕੇ ਧੀ ਨੇ ਖ਼ੁਦ ਇਹ ਜ਼ਿੰਮੇਵਾਰੀ ਸੰਭਾਲ ਲਈ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਪਰਿਵਾਰਕ ਹਾਲਾਤ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ, ਸਗੋਂ ਬਜ਼ੁਰਗ ਮਾਪਿਆਂ ਦਾ ਮਜ਼ਬੂਤ ਸਹਾਰਾ ਬਣ ਕੇ ਉਭਰੀ ਹੈ। ਸਵੇਰੇ ਤੜਕੇ ਉੱਠ ਕੇ ਉਹ ਘਰ ਦੇ ਕੰਮ ਕਰਦੀ ਹੈ ਅਤੇ ਫਿਰ ਪਿੰਡ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਖਬਾਰ ਵੰਡਣ ਲਈ ਨਿਕਲ ਪੈਂਦੀ ਹੈ। ਪੜ੍ਹਾਈ ਦੇ ਨਾਲ-ਨਾਲ ਘਰ ਦੀ ਆਰਥਿਕ ਮਦਦ ਕਰਦਿਆਂ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ।
ਗੁਰਮੀਤ ਕੌਰ ਨੇ ਦੱਸਿਆ ਕਿ ਉਹ ਬੀਏ ਦੀ ਪੜ੍ਹਾਈ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਰਮੇਸ਼ ਸਿੰਘ ਨੂੰ ਸੱਟ ਲੱਗ ਗਈ, ਜਿਸ ਕਾਰਨ ਉਨ੍ਹਾਂ ਨੂੰ ਕੰਮ ਕਰਨ ’ਚ ਪਰੇਸ਼ਾਨੀ ਆਉਂਦੀ ਸੀ। ਇਸ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦੇ ਤਾਇਆ ਸੰਤੋਖ ਸਿੰਘ ਪਹਿਲਾਂ ਅਖਬਾਰ ਵੰਡਣ ਜਾਇਆ ਕਰਦੇ ਸਨ। ਉਨ੍ਹਾਂ ਦੀਆਂ ਅੱਖਾਂ ਵਿੱਚ ਤਕਲੀਫ ਹੋਣ ਕਾਰਨ ਉਸ ਦੇ ਪਿਤਾ ਰਮੇਸ਼ ਸਿੰਘ ਨੇ ਅਖਬਾਰ ਵੰਡਣ ਦੀ ਜ਼ਿੰਮੇਵਾਰੀ ਸੰਭਾਲ ਲਈ। ਕੁਝ ਦਿਨਾਂ ਪਹਿਲਾਂ ਖੇਤ ਵਿੱਚ ਪਾਣੀ ਲਾਉਂਦੇ ਵੇਲੇ ਪਿਤਾ ਦੇ ਪੈਰ ’ਤੇ ਸੱਟ ਲੱਗ ਗਈ, ਜਿਸ ਕਰ ਕੇ ਉਹ ਕੰਮ ’ਤੇ ਨਹੀਂ ਜਾ ਸਕੇ। ਇਸ ਸਥਿਤੀ ਵਿੱਚ ਹੁਣ ਉਹ ਖੁਦ ਮੰਡੀ ਅਰਨੀਵਾਲਾ ਤੋਂ ਅਖਬਾਰ ਲਿਆ ਕੇ ਪਿੰਡ ਮਾਹੂਆਣਾ ਬੋਦਲਾ, ਝੋਟਿਆਂਵਾਲੀ ਅਤੇ ਜੰਡ ਵਾਲਾ ਭੀਮੇ ਸ਼ਾਹ ਵਿੱਚ ਲੋਕਾਂ ਦੇ ਘਰ-ਘਰ ਅਖਬਾਰ ਪਹੁੰਚਾ ਰਹੀ ਹੈ।
ਇਸ ਮੁਸ਼ਕਲ ਘੜੀ ਵਿੱਚ ਗੁਰਮੀਤ ਕੌਰ ਨੇ ਹਿੰਮਤ ਦਿਖਾਉਂਦਿਆਂ ਆਪਣੇ ਪਿਤਾ ਦਾ ਕੰਮ ਸੰਭਾਲ ਲਿਆ ਅਤੇ ਉਸ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਅੱਜ ਉਹ ਨਾ ਸਿਰਫ਼ ਆਪਣੇ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਨਿਭਾਅ ਰਹੀ ਹੈ ਸਗੋਂ ਸਮਾਜ ਲਈ ਵੀ ਪ੍ਰੇਰਣਾ ਬਣ ਚੁੱਕੀ ਹੈ। ਉਸ ਦੀ ਇਹ ਲਗਨ ਤੇ ਮਿਹਨਤ ਸੱਚਮੁੱਚ ਦਰਸਾਉਂਦੀ ਹੈ ਕਿ ਜੇ ਮੌਕਾ ਮਿਲੇ ਤਾਂ ਧੀਆਂ ਹਰ ਮੈਦਾਨ ਵਿੱਚ ਅੱਗੇ ਵੱਧ ਸਕਦੀਆਂ ਹਨ।
ਗੁਰਮੀਤ ਕੌਰ ਨੇ ਇਲਾਕੇ ਵਿੱਚ ਅਖਬਾਰ ਵੰਡਣ ਦੀ ਜ਼ਿੰਮੇਵਾਰੀ ਸੰਭਾਲਦਿਆਂ ਨਵਾਂ ਉਤਸ਼ਾਹ ਦਿਖਾਇਆ ਹੈ। ਉਹ ਹਰ ਸਵੇਰੇ ਸਮੇਂ ਸਿਰ ਘਰ-ਘਰ ਅਖਬਾਰ ਪਹੁੰਚਾ ਕੇ ਆਪਣੀ ਡਿਊਟੀ ਨਿਭਾਅ ਰਹੀ ਹੈ। ਇਲਾਕਾ ਵਾਸੀਆਂ ਨੇ ਉਸ ਦੀ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ।
ਪਿੰਡ ਵਾਸੀਆਂ ਵੱਲੋਂ ਵੀ ਉਸ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਅਤੇ ਹਰ ਕੋਈ ਉਸ ਦੀ ਮਿਹਨਤ ਤੇ ਲਗਨ ਦੀ ਸਰਾਹਨਾ ਕਰ ਰਿਹਾ ਹੈ। ਇਹ ਧੀ ਨਾ ਸਿਰਫ ਆਪਣੇ ਪਰਿਵਾਰ ਦਾ ਸਹਾਰਾ ਬਣੀ ਹੈ, ਸਗੋਂ ਸਮਾਜ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਰਹੀ ਹੈ।