ਸਾਬਕਾ ਨਗਰ ਕੌਂਸਲ ਪ੍ਰਧਾਨ ਸੇਠੀ ‘ਆਪ’ ਦੇ ਹੋਏ, ਸੀਐੱਮ ਨੇ ਕਰਵਾਈ ਸ਼ਾਮੂਲੀਅਤ
ਸਾਬਕਾ ਨਗਰ ਕੌਂਸਲ ਪ੍ਰਧਾਨ ਅਨਿਲ ਸੇਠੀ ‘ਆਪ’ ਵਿੱਚ ਸ਼ਾਮਲ, ਮੁੱਖ ਮੰਤਰੀ ਮਾਨ ਨੇ ਕਰਵਾਇਆ ਪਾਰਟੀ ਵਿੱਚ ਸ਼ਾਮਲ
Publish Date: Tue, 12 May 2026 04:24 PM (IST)
Updated Date: Tue, 12 May 2026 04:27 PM (IST)
ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ ਫਾਜ਼ਿਲਕਾ: ਫਾਜ਼ਿਲਕਾ ਦੀ ਸਿਆਸਤ ਵਿੱਚ ਅੱਜ ਵੱਡਾ ਸਿਆਸੀ ਫੇਰਬਦਲ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਸੇਠੀ ਨੇ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦਾ ਦਾਮਨ ਥਾਮ ਲਿਆ। ਅਨਿਲ ਸੇਠੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੀ ਰਸਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਅਦਾ ਕੀਤੀ ਗਈ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਟਰੇਡਜ਼ ਕਮਿਸ਼ਨ ਦੇ ਚੇਅਰਮੈਨ ਲਵਿਸ਼ ਚਾਵਲਾ ਵੀ ਹਾਜ਼ਰ ਸਨ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅਨਿਲ ਸੇਠੀ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਫਾਜ਼ਿਲਕਾ ਵਿੱਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਲੋਕ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਵੱਖ-ਵੱਖ ਵਰਗਾਂ ਦੇ ਆਗੂ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਅਨਿਲ ਕੁਮਾਰ ਸੇਠੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਤੀਆਂ ਅਤੇ ਸਰਕਾਰ ਦੇ ਲੋਕਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।