44 ਡਿਗਰੀ ਤਾਪਮਾਨ ਨਾਲ ਤਪਿਆ ਫਾਜ਼ਿਲਕਾ, ਜਨਜੀਵਨ ਪ੍ਰਭਾਵਿਤ
44 ਡਿਗਰੀ ਤਾਪਮਾਨ ਨਾਲ ਤਪਿਆ ਫਾਜ਼ਿਲਕਾ, ਜਨਜੀਵਨ ਅਸਤ-ਵਿਅਸਤ
Publish Date: Wed, 27 May 2026 07:05 PM (IST)
Updated Date: Wed, 27 May 2026 07:07 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਇਨ੍ਹਾਂ ਦਿਨਾਂ ਭਿਆਨਕ ਗਰਮੀ ਦੀ ਚਪੇਟ ਵਿੱਚ ਹੈ। ਜ਼ਿਲ੍ਹੇ ਵਿੱਚ ਤਾਪਮਾਨ ਲਗਾਤਾਰ 40 ਤੋਂ 44 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਤਿੱਖੀ ਧੁੱਪ ਅਤੇ ਗਰਮ ਹਵਾਵਾਂ ਕਾਰਨ ਦੁਪਹਿਰ ਸਮੇਂ ਸੜਕਾਂ ‘ਤੇ ਸੁੰਨਸਾਨ ਪਸਰਿਆ ਰਹਿੰਦਾ ਹੈ ਅਤੇ ਬਾਜ਼ਾਰਾਂ ਵਿੱਚ ਵੀ ਆਵਾਜਾਈ ਘੱਟ ਹੋ ਗਈ ਹੈ। ਸਭ ਤੋਂ ਵੱਧ ਪਰੇਸ਼ਾਨੀ ਸਕੂਲੀ ਬੱਚਿਆਂ ਨੂੰ ਝੱਲਣੀ ਪੈ ਰਹੀ ਹੈ ਕਿਉਂਕਿ ਭਿਆਨਕ ਗਰਮੀ ਦੇ ਬਾਵਜੂਦ ਸਕੂਲ ਅਜੇ ਵੀ ਚੱਲ ਰਹੇ ਹਨ ਅਤੇ ਬੱਚੇ ਤਿੱਖੀ ਧੁੱਪ ਵਿੱਚ ਸਕੂਲ ਆਉਣ-ਜਾਣ ਲਈ ਮਜਬੂਰ ਹਨ। ਸਕੂਲ ਛੁੱਟੀ ਸਮੇਂ ਬੱਚੇ ਗਰਮ ਹਵਾਵਾਂ ਅਤੇ ਲੂ ਦੇ ਥਪੇੜਿਆਂ ਵਿਚਕਾਰ ਘਰ ਵਾਪਸ ਪਹੁੰਚ ਰਹੇ ਹਨ। ਇਸ ਕਾਰਨ ਮਾਪਿਆਂ ਦੀ ਚਿੰਤਾ ਵੀ ਲਗਾਤਾਰ ਵਧ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 30 ਮਈ ਤੋਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਬੱਚਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਦੂਜੇ ਪਾਸੇ ਦਿਹਾੜੀਦਾਰ ਮਜ਼ਦੂਰ, ਰੇਹੜੀ ਚਾਲਕ, ਸਮਾਨ ਦੀ ਡਿਲੀਵਰੀ ਕਰਨ ਵਾਲੇ ਕਰਮਚਾਰੀ ਅਤੇ ਖੁੱਲ੍ਹੇ ਵਿੱਚ ਕੰਮ ਕਰਨ ਵਾਲੇ ਲੋਕ ਵੀ ਇਸ ਤਿੱਖੀ ਗਰਮੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਨਜ਼ਰ ਆ ਰਹੇ ਹਨ। 40 ਡਿਗਰੀ ਤੋਂ ਵੱਧ ਤਾਪਮਾਨ ਵਿੱਚ ਕੰਮ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਅਬੋਹਰ ਵਿੱਚ ਰੇਗਿਸਤਾਨੀ ਇਲਾਕਿਆਂ ਵਰਗੀ ਤਪਸ਼ ਮਹਿਸੂਸ ਕੀਤੀ ਜਾ ਰਹੀ ਹੈ। ਦੁਪਹਿਰ ਸਮੇਂ ਮੁੱਖ ਸੜਕਾਂ ਵੀ ਸੁੰਨੀਆਂ ਦਿਖਾਈ ਦੇ ਰਹੀਆਂ ਹਨ ਅਤੇ ਲੋਕ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਇਹ ਭਿਆਨਕ ਗਰਮੀ ਸਿਰਫ਼ ਇਨਸਾਨਾਂ ਲਈ ਹੀ ਨਹੀਂ, ਸਗੋਂ ਪਸ਼ੂ-ਪੰਛੀਆਂ ਲਈ ਵੀ ਘਾਤਕ ਸਾਬਤ ਹੋ ਰਹੀ ਹੈ। ਕਈ ਪਿੰਡਾਂ ਵਿੱਚ ਵਾਟਰ ਵਰਕਸ ਅਤੇ ਖੇਤਾਂ ਵਿੱਚ ਬਣੀਆਂ ਡਿੱਗੀਆਂ ਵਿੱਚ ਮੱਛੀਆਂ ਮਰ ਰਹੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਪੰਛੀ ਵੀ ਗਰਮੀ ਦੀ ਚਪੇਟ ਵਿੱਚ ਆ ਕੇ ਬਿਮਾਰ ਹੋ ਰਹੇ ਹਨ ਅਤੇ ਮਰ ਰਹੇ ਹਨ। ਉੱਧਰ ਇਸ ਤਿੱਖੀ ਗਰਮੀ ਦੌਰਾਨ ਸ਼ਹਿਰ ਵਿੱਚ ਠੰਡੇ ਪੇਅ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ‘ਤੇ ਵੱਧ ਭੀੜ ਦੇਖਣ ਨੂੰ ਮਿਲ ਰਹੀ ਹੈ। ਲੋਕ ਲੂ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਲੱਸੀ, ਕੋਲਡ ਡ੍ਰਿੰਕ ਅਤੇ ਗੰਨੇ ਦੇ ਰਸ ਦਾ ਵੱਧ ਸਹਾਰਾ ਲੈ ਰਹੇ ਹਨ। ਇਧਰ ਸਿਵਲ ਹਸਪਤਾਲ ਦੇ ਸਰਜਨ ਡਾ. ਏਰਿਕ ਨੇ ਭਿਆਨਕ ਗਰਮੀ ਤੋਂ ਬਚਾਅ ਲਈ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਲੂ ਤੋਂ ਬਚਾਅ ਰੱਖਣ ਦੀ ਸਲਾਹ ਦਿੱਤੀ ਹੈ। ਫਿਲਹਾਲ ਸ਼ਹਿਰ ਵਾਸੀਆਂ ਨੂੰ ਮੀਂਹ ਅਤੇ ਮੌਸਮ ਵਿੱਚ ਰਾਹਤ ਦਾ ਇੰਤਜ਼ਾਰ ਹੈ।