ਪਿਤਾ ਦੀਆਂ ਅਸਥੀਆਂ ਖੇਤ ’ਚ ਦੱਬ ਕੇ ਲਾਇਆ ਬੂਟਾ
ਪਰਿਵਾਰ ਵੱਲੋਂ ਪਿਤਾ ਦੀਆਂ ਅਸਥੀਆਂ ਖੇਤ ਵਿੱਚ ਦੱਬ ਕੇ ਉਪਰ ਲਾਇਆ ਫਲਦਾਰ ਬੂਟਾ
Publish Date: Sun, 17 May 2026 06:16 PM (IST)
Updated Date: Sun, 17 May 2026 06:18 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪਿੰਡ ਝੁੱਗੀਆਂ ਨੰਦ ਸਿੰਘ ਵਾਲਾ ਵਿੱਚ ਇੱਕ ਪਰਿਵਾਰ ਵੱਲੋਂ ਆਪਣੇ ਸਤਿਕਾਰਯੋਗ ਬਜ਼ੁਰਗ ਦੀ ਯਾਦ ਵਿੱਚ ਕੀਤੀ ਗਈ ਵਿਲੱਖਣ ਪਹਿਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਅਜੀਤ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਰਪੰਚ ਰਾਜਾ ਬਰਾੜ, ਚਮਕੌਰ ਸਿੰਘ ਅਤੇ ਮਰਹੂਮ ਕੁਲਵਿੰਦਰ ਸਿੰਘ ਝੁੱਗੀਆਂ ਨੰਦ ਵਾਲਾ ਦੇ 88 ਸਾਲਾ ਪਿਤਾ ਸਰਦਾਰ ਦਰਬਾਰਾ ਸਿੰਘ ਦੇ ਅਚਾਨਕ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਅਸਥੀਆਂ ਖੇਤ ਵਿੱਚ ਦੱਬ ਕੇ ਉੱਪਰ ਇੱਕ ਫਲਦਾਰ ਬੂਟਾ ਲਗਾਇਆ ਗਿਆ। ਪਰਿਵਾਰ ਵੱਲੋਂ ਕੀਤੀ ਗਈ ਇਸ ਹਾਂ-ਪੱਖੀ ਪਹਿਲ ਨੂੰ ਸਮਾਜ ਲਈ ਇੱਕ ਉਸਾਰੂ ਸੁਨੇਹੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਮੀਤ ਸਿੰਘ ਝੁੱਗੀਆਂ ਨੰਦ ਸਿੰਘ ਵਾਲਾ ਨੇ ਕਿਹਾ ਕਿ ਰਵਾਇਤੀ ਤਰੀਕਿਆਂ ਨਾਲ ਫੁੱਲਾਂ ਨੂੰ ਨਹਿਰਾਂ ਜਾਂ ਦਰਿਆਵਾਂ ਵਿੱਚ ਵਿਸਰਜਿਤ ਕਰਨ ਨਾਲ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਸੜਕਾਂ ‘ਤੇ ਵੱਧ ਰਹੀ ਭੀੜ ਕਾਰਨ ਹਾਦਸਿਆਂ ਦਾ ਖਤਰਾ ਵੀ ਵਧਦਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਵੱਲੋਂ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਰੁੱਖਾਂ ਦੀ ਘਾਟ ਕਾਰਨ ਜੰਗਲਾਂ ਹੇਠਲਾ ਰਕਬਾ ਘਟ ਰਿਹਾ ਹੈ, ਜਿਸ ਨਾਲ ਗਲੋਬਲ ਵਾਰਮਿੰਗ, ਓਜ਼ੋਨ ਪਰਤ ਵਿੱਚ ਛੇਕ ਅਤੇ ਹੜ੍ਹਾਂ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਅਜਿਹੇ ਸਮੇਂ ਵਿੱਚ ਪਰਿਵਾਰ ਵੱਲੋਂ ਆਪਣੇ ਬਜ਼ੁਰਗ ਦੀ ਯਾਦ ਵਿੱਚ ਫਲਦਾਰ ਬੂਟਾ ਲਗਾਉਣਾ ਵਾਤਾਵਰਣ ਸੰਭਾਲ ਵੱਲ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਪਿਰਤ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਦੇਵੇਗੀ ਅਤੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਸਮੂਹ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਅਤੇ ਹਮਦਰਦਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਰਦਾਰ ਦਰਬਾਰਾ ਸਿੰਘ ਦੀ ਅੰਤਿਮ ਅਰਦਾਸ 22 ਮਈ ਦਿਨ ਸ਼ੁੱਕਰਵਾਰ ਨੂੰ ਪਿੰਡ ਝੁੱਗੀਆਂ ਨੰਦ ਸਿੰਘ ਵਾਲਾ ਦੇ ਨਵੇਂ ਗੁਰਦੁਆਰਾ ਸਾਹਿਬ ਵਿੱਚ ਹੋਵੇਗੀ।