ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ 'ਤੇ ਬਣਿਆ ਫਰਜ਼ੀ Telegram ਚੈਨਲ, SSP ਵੱਲੋਂ ਸਖ਼ਤ ਕਾਰਵਾਈ ਦੇ ਹੁਕਮ
ਜਦੋ ਇਸ ਮਾਮਲੇ ਸੰਬੰਧੀ ਐੱਸਐੱਸਪੀ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਟਿਪਸ’ ਨਾਮ ਨਾਲ ਬਣੇ ਟੈਲੀਗ੍ਰਾਮ ਅਕਾਊਂਟ ਰਾਹੀਂ ਕ੍ਰਿਕਟ ਟਿਪਸ ਦੇ ਨਾਂ ’ਤੇ ਲੋਕਾਂ ਨੂੰ ਭਰਮਿਤ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।
Publish Date: Tue, 10 Mar 2026 09:24 AM (IST)
Updated Date: Tue, 10 Mar 2026 09:28 AM (IST)
ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫਾਜ਼ਿਲਕਾ : ਹਾਲ ਹੀ ਵਿਚ ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਟੈਲੀਗ੍ਰਾਮ ‘ਤੇ ਇਕ ਚੈਨਲ ਬਣਾਇਆ ਗਿਆ ਹੈ। ਇਸ ਚੈਨਲ ‘ਤੇ ਕਿਸੇ ਵੀ ਤਰ੍ਹਾਂ ਦੀਆਂ ਟਿਪਸ ਜਾਂ ਜਾਣਕਾਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਸਗੋਂ ਸਿਰਫ਼ ਉਸਦੇ ਨਾਮ ਨੂੰ ਇਕ ਬ੍ਰਾਂਡ ਵਾਂਗ ਵਰਤ ਕੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਦੀ ਵਰਤੋਂ ਕਰਦੇ ਹੋਏ ਟੈਲੀਗ੍ਰਾਮ ‘ਤੇ “ਲਾਰੈਂਸ ਬਿਸ਼ਨੋਈ ਟਿਪਸ” ਨਾਮ ਦਾ ਇਕ ਚੈਨਲ ਬਣਾਇਆ ਗਿਆ ਹੈ, ਜਿਸ ਰਾਹੀਂ ਕ੍ਰਿਕਟ ਮੈਚਾਂ ਲਈ ਟਿਪਸ ਦੇਣ ਦੇ ਸੁਨੇਹੇ ਪ੍ਰਸਾਰਿਤ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦੇ ਚੈਨਲ ਲੋਕਾਂ ਨੂੰ ਗੁੰਮਰਾਹ ਕਰਕੇ ਗੈਰਕਾਨੂੰਨੀ ਸੱਟੇਬਾਜ਼ੀ ਜਾਂ ਧੋਖਾਧੜੀ ਵੱਲ ਧੱਕ ਸਕਦੇ ਹਨ। ਮਾਹਿਰਾਂ ਦੇ ਅਨੁਸਾਰ, ਸੋਸ਼ਲ ਮੀਡੀਆ ‘ਤੇ ਅਜਿਹੇ ਚੈਨਲ ਅਕਸਰ ਫੋਲੋਅਰ ਵਧਾਉਣ ਜਾਂ ਵਾਇਰਲ ਹੋਣ ਲਈ ਮਸ਼ਹੂਰ ਨਾਮਾਂ ਦੀ ਵਰਤੋਂ ਕਰਦੇ ਹਨ। ਲੋਕਾਂ ਨੂੰ ਅਜਿਹੇ ਚੈਨਲਾਂ ਤੋਂ ਸਾਵਧਾਨ ਰਹਿਣ ਅਤੇ ਬਿਨਾਂ ਪੁਸ਼ਟੀ ਕਿਸੇ ਵੀ ਜਾਣਕਾਰੀ ‘ਤੇ ਵਿਸ਼ਵਾਸ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਜਦੋ ਇਸ ਮਾਮਲੇ ਸੰਬੰਧੀ ਐੱਸਐੱਸਪੀ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਟਿਪਸ’ ਨਾਮ ਨਾਲ ਬਣੇ ਟੈਲੀਗ੍ਰਾਮ ਅਕਾਊਂਟ ਰਾਹੀਂ ਕ੍ਰਿਕਟ ਟਿਪਸ ਦੇ ਨਾਂ ’ਤੇ ਲੋਕਾਂ ਨੂੰ ਭਰਮਿਤ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।
ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਅਕਾਊਂਟ ਨੂੰ ਬੰਦ ਕਰਵਾਉਣ ਲਈ ਮਾਮਲਾ ਹੈੱਡ ਆਫ਼ਿਸ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਜਿਹੇ ਅਕਾਊਂਟਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਫਰਜ਼ੀ ਅਕਾਊਂਟਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਲੋਕਾਂ ਨੂੰ ਅਜਿਹੇ ਚੈਨਲਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।