ਅਹਿਸਾਸ ਐਨਜੀਓ ਨੇ ਰੱਖੀ ‘ਵਰਿੰਦਾਵਨ ਆਸ਼ਰਮ’ ਦੀ ਨੀਂਹ
ਜਲਾਲਾਬਾਦ ਵਿੱਚ ਅਹਿਸਾਸ ਐਨਜੀਓ ਨੇ ਰੱਖੀ ‘ਵਰਿੰਦਾਵਨ ਆਸ਼ਰਮ’ ਦੀ ਨੀਂਹ
Publish Date: Tue, 28 Apr 2026 05:24 PM (IST)
Updated Date: Tue, 28 Apr 2026 05:25 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਜਲਾਲਾਬਾਦ ਦੀ ਅਹਿਸਾਸ ਐਨਜੀਓ ਵੱਲੋਂ ਫਾਜ਼ਿਲਕਾ ਰੋਡ ਸਥਿਤ ਜੋਸਨ ਫਿਲਿੰਗ ਸਟੇਸ਼ਨ ਦੇ ਕੋਲ ‘ਵਰਿੰਦਾਵਨ ਆਸ਼ਰਮ’ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਸੰਸਥਾ ਦੀ ਪ੍ਰਧਾਨ ਪਾਇਲ ਬਲੂਜਾ ਡੂਮੜਾ ਨੇ ਜਾਣਕਾਰੀ ਦਿੱਤੀ ਕਿ ਵਰਿੰਦਾਵਨ ਆਸ਼ਰਮ ਖਾਸ ਤੌਰ ਤੇ ਮਾਨਸਿਕ ਰੋਗੀਆਂ, ਹਾਦਸਾ ਪੀੜਤਾਂ, ਦਿਵਿਆਂਗਾਂ, ਬਜ਼ੁਰਗਾਂ ਅਤੇ ਤਲਾਕਸ਼ੁਦਾ ਔਰਤਾਂ ਨੂੰ ਸਮਰਪਿਤ ਹੋਵੇਗਾ। ਆਸ਼ਰਮ ਵਿੱਚ ਰਹਿਣ ਵਾਲਿਆਂ ਦੀ ਪੂਰੀ ਦੇਖਭਾਲ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਪ੍ਰੋਜੈਕਟ ਦੀ ਸਫਲਤਾ ਲਈ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਸਮੱਗਰੀ ਜਾਂ ਆਰਥਿਕ ਸਹਾਇਤਾ ਦੇ ਰੂਪ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ ਤਾਂ ਜੋ ਇਸ ਪੁੰਨ ਦੇ ਕਾਰਜ ਨੂੰ ਜਲਦੀ ਪੂਰਾ ਕੀਤਾ ਜਾ ਸਕੇ। ਸੰਸਥਾ ਦਾ ਮੰਨਣਾ ਹੈ ਕਿ ਸਮੂਹਿਕ ਯਤਨਾਂ ਨਾਲ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਦੀ ਜ਼ਿੰਦਗੀ ਨੂੰ ਸੰਵਾਰਿਆ ਜਾ ਸਕਦਾ ਹੈ।