ਈ-ਫਾਰਮੇਸੀਆਂ ਵਿਰੁੱਧ ਕੈਮਿਸਟਾਂ ਵੱਲੋਂ ਦੇਸ਼ ਪੱਧਰੀ ਹੜਤਾਲ 20 ਨੂੰ
ਈ-ਫਾਰਮੇਸੀਆਂ ਵਿਰੁੱਧ ਕੈਮਿਸਟਾਂ ਦਾ ਦੇਸ਼ ਵਿਆਪੀ ਐਲਾਨ, 20 ਮਈ ਨੂੰ ਰਹੇਗੀ ਹੜਤਾਲ
Publish Date: Sun, 17 May 2026 03:26 PM (IST)
Updated Date: Sun, 17 May 2026 03:27 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੇ ਸੱਦੇ ਤੇ ਦੇਸ਼ ਭਰ ਦੇ ਕੈਮਿਸਟਾਂ ਨੇ 20 ਮਈ ਨੂੰ ਈ-ਫਾਰਮੇਸੀਆਂ ਦੇ ਵਿਰੋਧ ਵਿੱਚ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਫਾਜ਼ਿਲਕਾ ਕੈਮਿਸਟ ਐਸੋਸੀਏਸ਼ਨ ਵੱਲੋਂ ਵੀ ਇਸ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ। ਇਸ ਸਬੰਧੀ ਸਥਾਨਕ ਪੱਧਰ ਤੇ ਪ੍ਰਧਾਨ ਬਾਲ ਕ੍ਰਿਸ਼ਨ ਕਟਾਰੀਆ ਦੀ ਅਗਵਾਈ ਹੇਠ ਕੈਮਿਸਟ ਐਸੋਸੀਏਸ਼ਨ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਹੜਤਾਲ ਨੂੰ ਸਫਲ ਬਣਾਉਣ ਲਈ ਰਣਨੀਤੀ ਤਿਆਰ ਕੀਤੀ ਗਈ। ਕੈਮਿਸਟ ਯੂਨੀਅਨ ਦੇ ਆਗੂ ਵਿਨੋਦ ਵਾਟਸ, ਤਿਲਕ ਰਾਜ ਗਗਨੇਜਾ ਅਤੇ ਰਾਜ ਕੁਮਾਰ ਠਕਰਾਲ ਨੇ ਕਿਹਾ ਕਿ ਈ-ਫਾਰਮੇਸੀਆਂ ਦੇ ਵਧਦੇ ਪ੍ਰਭਾਵ ਕਾਰਨ ਰਵਾਇਤੀ ਮੈਡੀਕਲ ਸਟੋਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਨਾਂ ਪੂਰੀ ਨਿਗਰਾਨੀ ਦੇ ਆਨਲਾਈਨ ਦਵਾਈਆਂ ਦੀ ਵਿਕਰੀ ਮਰੀਜ਼ਾਂ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੀ ਹੈ। ਪ੍ਰਧਾਨ ਬਾਲ ਕ੍ਰਿਸ਼ਨ ਕਟਾਰੀਆ ਨੇ ਕਿਹਾ ਕਿ ਦਵਾਈ ਕੋਈ ਆਮ ਵਸਤੂ ਨਹੀਂ, ਸਗੋਂ ਮਰੀਜ਼ਾਂ ਦੀ ਸੁਰੱਖਿਆ ਨਾਲ ਜੁੜਿਆ ਬਹੁਤ ਸੰਵੇਦਨਸ਼ੀਲ ਮਾਮਲਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 20 ਮਈ ਤੋਂ ਪਹਿਲਾਂ ਆਪਣੀਆਂ ਜ਼ਰੂਰੀ ਦਵਾਈਆਂ ਖਰੀਦ ਲੈਣ ਤਾਂ ਜੋ ਹੜਤਾਲ ਦੌਰਾਨ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜਸ ਕਟਾਰੀਆ, ਮਹਿੰਦਰ ਪ੍ਰਤਾਪ, ਬਿੱਟੂ ਧੂੜੀਆ, ਕਮਲ ਗਰੋਵਰ, ਚੰਦਨ ਕਾਮਰਾ, ਪਵਨ ਕੁਮਾਰ, ਸੁਰਿੰਦਰ ਸ਼ਿੰਡੀ, ਕਾਕੂ ਗਰੋਵਰ, ਕੁਸ਼ਲ ਗੋਇਲ ਅਤੇ ਰਾਜਿੰਦਰ ਕਟਾਰੀਆ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।