ਨਗਰ ਕੌਂਸਲ ਚੋਣਾਂ ਸਬੰਧੀ ਕੈਬਨਿਟ ਮੰਤਰੀ ਖੁੱਡੀਆਂ ਵੱਲੋਂ ਵਿਧਾਇਕਾਂ ਨਾਲ ਚਰਚਾ
ਨਗਰ ਕੌਂਸਲ ਚੋਣਾਂ ਸਬੰਧੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਧਾਇਕ ਨਾਲ ਮੀਟਿੰਗ ਕੀਤੀ
Publish Date: Sun, 10 May 2026 05:08 PM (IST)
Updated Date: Sun, 10 May 2026 05:09 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਨੇੜੇ ਆਉਣ ਨਾਲ ਪੰਜਾਬ ਵਿੱਚ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਸਬੰਧ ਵਿੱਚ ਗੁਰਮੀਤ ਸਿੰਘ ਖੁੱਡੀਆਂ ਨੇ ਫਾਜ਼ਿਲਕਾ ਦਾ ਦੌਰਾ ਕਰਕੇ ਸਥਾਨਕ ਵਿਧਾਇਕਾਂ ਅਤੇ ਸੀਨੀਅਰ ਪਾਰਟੀ ਆਗੂਆਂ ਨਾਲ ਇੱਕ ਅਹਿਮ ਰਣਨੀਤਕ ਮੀਟਿੰਗ ਕੀਤੀ। ਮੀਟਿੰਗ ਵਿੱਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਜ਼ਿਲ੍ਹਾ ਪ੍ਰਧਾਨ ਉਪਕਾਰ ਜਾਖੜ ਅਤੇ ਸੂਬਾ ਸਕੱਤਰ ਤੇ ਪੰਜਾਬ ਵਪਾਰ ਕਮਿਸ਼ਨ ਦੇ ਮੈਂਬਰ ਅਤੁਲ ਨਾਗਪਾਲ ਵੀ ਮੌਜੂਦ ਸਨ।ਮੀਟਿੰਗ ਦੌਰਾਨ ਫਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਨਿਗਮ ਲਈ ਪਾਰਟੀ ਦੀ ਜ਼ਮੀਨੀ ਪੱਧਰ ‘ਤੇ ਮੌਜੂਦਗੀ ਮਜ਼ਬੂਤ ਕਰਨ ਅਤੇ ਸੰਭਾਵੀ ਉਮੀਦਵਾਰਾਂ ਦੀ ਚੋਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਮੀਡੀਆ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਇਤਿਹਾਸਕ ਅਤੇ ਸ਼ਾਨਦਾਰ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਕਾਰਨ ਜਨਤਾ ਇੱਕ ਵਾਰ ਫਿਰ ਪਾਰਟੀ ‘ਤੇ ਭਰੋਸਾ ਜਤਾਏਗੀ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਲੋੜ ਹੈ ਅਤੇ ਪਾਰਟੀ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਸਮੇਤ ਪੂਰੇ ਜ਼ਿਲ੍ਹੇ ਵਿੱਚ ਮਜ਼ਬੂਤ ਪ੍ਰਦਰਸ਼ਨ ਕਰੇਗੀ।ਮੀਟਿੰਗ ਦੌਰਾਨ ਪਾਰਟੀ ਦੀ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਇੱਕਜੁੱਟ ਨਜ਼ਰ ਆਈ ਅਤੇ ਸੰਗਠਨ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ।