ਨਗਰ ਕੌਂਸਲ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਵਾਧੇ ਪੂਰੇ ਕਰਨ ਦਾ ਪੱਤਰ
ਨਗਰ ਕੌਂਸਲ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਵਾਧੇ ਪੂਰੇ ਕਰਨ ਦਾ ਪੱਤਰ
Publish Date: Sun, 17 May 2026 05:52 PM (IST)
Updated Date: Sun, 17 May 2026 05:54 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਨਗਰ ਕੌਂਸਲ ਚੋਣਾਂ ਲਈ 16 ਨੁਕਾਤੀ ਮੈਨੀਫੈਸਟੋ ਜਾਰੀ ਕੀਤਾ। ਇਸ ਮੌਕੇ ਪਾਰਟੀ ਦੇ ਸਾਰੇ 25 ਵਾਰਡਾਂ ਦੇ ਉਮੀਦਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਮੌਜੂਦ ਰਹੇ। ਪਾਰਟੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਸਾਬਕਾ ਕੈਬਨਿਟ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ, ਭਾਜਪਾ ਆਲ ਦੇ ਇੰਚਾਰਜ ਰੰਜਮ ਕਾਮਰਾ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸੁਬੋਧ ਵਰਮਾ, ਰਾਕੇਸ਼ ਧੂੜੀਆ, ਅਸ਼ੋਕ ਜੈਰਥ,ਅਸ਼ਵਨੀ ਫੁਟੇਲਾ ਅਤੇ ਵਿਸ਼ਨੂੰ ਭਗਵਾਨ ਡੇਲੂ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਰਹੇ। ਮੈਨੀਫੈਸਟੋ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਸੁਬੋਧ ਵਰਮਾ ਨੇ ਕਿਹਾ ਕਿ ਜਦੋਂ 1997 ਵਿੱਚ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੀ ਅਗਵਾਈ ਵਿੱਚ ਭਾਜਪਾ ਨੇ ਪਹਿਲੀ ਵਾਰ ਜਿੱਤ ਦਰਜ ਕੀਤੀ ਸੀ, ਉਸ ਵੇਲੇ ਵੀ 17 ਨੁਕਾਤੀ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਲੋਕਾਂ ਨੂੰ ਕਈ ਵਾਅਦੇ ਅਸੰਭਵ ਲੱਗਦੇ ਸਨ, ਪਰ ਸਰਹੱਦ ਖੋਲ੍ਹਣ ਦੇ ਵਾਅਦੇ ਤੋਂ ਇਲਾਵਾ ਬਾਕੀ ਸਾਰੇ ਵਾਅਦੇ ਪੂਰੇ ਕੀਤੇ ਗਏ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਚੋਣਾਂ ਤੋਂ ਪਹਿਲਾਂ ਲੋਕਾਂ ਸਾਹਮਣੇ ਆਪਣਾ ਏਜੰਡਾ ਸਪੱਸ਼ਟ ਕਰਦੀ ਹੈ ਅਤੇ ਵਿਕਾਸ ਦੇ ਮੁੱਦਿਆਂ ‘ਤੇ ਚੋਣ ਲੜਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਾਜ਼ਿਲਕਾ ਦਾ ਪਿਛਲਾ ਵਿਕਾਸ ਭਾਜਪਾ ਅਤੇ ਇਸਦੇ ਆਗੂਆਂ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਸੀ। ਪਾਰਟੀ ਵੱਲੋਂ ਜਾਰੀ ਮੈਨੀਫੈਸਟੋ ਵਿੱਚ ਜਵਾਹਰ ਲਾਲ ਨਹਿਰੂ ਸ਼ਹਿਰੀ ਨਵੀਨੀਕਰਨ ਮਿਸ਼ਨ ਵਿੱਚ ਫਾਜ਼ਿਲਕਾ ਨੂੰ ਸ਼ਾਮਲ ਕਰਵਾਉਣ, ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ, ਮੈਡੀਕਲ ਕਾਲਜ ਦੀ ਸਥਾਪਨਾ ਅਤੇ ਪ੍ਰਧਾਨ ਮੰਤਰੀ ਵਿਕਰੇਤਾ ਯੋਜਨਾ ਤਹਿਤ ਰੇਹੜੀ-ਫੜੀ ਵਾਲਿਆਂ ਲਈ ਕਰਜ਼ੇ ਦੀ ਸਹੂਲਤ ਵਰਗੇ ਮੁੱਖ ਵਾਅਦੇ ਸ਼ਾਮਲ ਹਨ। ਇਸ ਮੌਕੇ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਭਾਜਪਾ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੋ ਵੀ ਮੈਨੀਫੈਸਟੋ ਜਾਰੀ ਕਰਦੀ ਹੈ, ਉਸਨੂੰ ਲਾਗੂ ਕਰਨ ਲਈ ਵਚਨਬੱਧ ਰਹਿੰਦੀ ਹੈ, ਜਦਕਿ ਹੋਰ ਪਾਰਟੀਆਂ ਸਿਰਫ਼ ਰਾਜਨੀਤਿਕ ਲਾਭ ਲਈ ਚੋਣਾਂ ਲੜਦੀਆਂ ਹਨ। ਪੰਜਾਬ ਭਾਜਪਾ ਆਲ ਸੈੱਲ ਦੇ ਇੰਚਾਰਜ ਰੰਜਮ ਕਾਮਰਾ ਨੇ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਫੈਸਲੇ ਸਮੂਹਿਕ ਤੌਰ ‘ਤੇ ਅਤੇ ਸਹਿਮਤੀ ਨਾਲ ਲਏ ਜਾਂਦੇ ਹਨ, ਜਦਕਿ ਹੋਰ ਪਾਰਟੀਆਂ ਵਿੱਚ ਵਿਅਕਤੀਗਤ ਪੱਖਪਾਤ ਦੇ ਆਧਾਰ ‘ਤੇ ਫੈਸਲੇ ਹੁੰਦੇ ਹਨ। ਸਾਬਕਾ ਨਗਰ ਕੌਂਸਲ ਪ੍ਰਧਾਨ ਰਾਕੇਸ਼ ਧੂੜੀਆ ਨੇ ਪਾਰਟੀ ਉਮੀਦਵਾਰਾਂ ਅਤੇ ਵਰਕਰਾਂ ਨੂੰ ਚੋਣ ਪ੍ਰਬੰਧਨ ਸਬੰਧੀ ਵਿਸ਼ੇਸ਼ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਇੱਕ ਰਾਜਨੀਤਿਕ ਪਾਰਟੀ ਨਹੀਂ, ਸਗੋਂ ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਲਈ ਕੰਮ ਕਰਨ ਵਾਲਾ ਸੰਗਠਨ ਹੈ।ਸਟੇਜ ਦਾ ਸੰਚਾਲਨ ਪਾਰਟੀ ਦੇ ਜਨਰਲ ਸਕੱਤਰ ਅਸ਼ਵਨੀ ਫੁਟੇਲਾ ਨੇ ਕੀਤਾ, ਜਦਕਿ ਵਿਸ਼ਨੂੰ ਭਗਵਾਨ ਡੇਲੂ ਨੇ ਪਾਰਟੀ ਦੀਆਂ ਨੀਤੀਆਂ ਅਤੇ ਸੰਗਠਨਕ ਢਾਂਚੇ ਬਾਰੇ ਵਰਕਰਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਮਹਿੰਦਰ ਪ੍ਰਤਾਪ ਧਿੰਗੜਾ , ਤੇਜਿੰਦਰ ਸਿੰਘ ਨਾਮਧਾਰੀ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।