Basanti Panchami 'ਤੇ ਵੱਡਾ ਹਾਦਸਾ : ਚਾਈਨਾ ਡੋਰ ਦੀ ਲਪੇਟ 'ਚ ਆ ਕੇ ਨੌਜਵਾਨ ਦੀ ਗਰਦਨ ਕੱਟੀ, ਲੱਗੇ 15 ਟਾਂਕੇ
ਭੁਪਿੰਦਰ ਦੀ ਗਰਦਨ 'ਤੇ ਚਾਈਨਾ ਡੋਰ ਨਾਲ ਡੂੰਘੇ ਜ਼ਖ਼ਮ ਹੋ ਗਏ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗਰਦਨ 'ਤੇ 15 ਟਾਂਕੇ ਲਗਾਏ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।
Publish Date: Fri, 23 Jan 2026 01:33 PM (IST)
Updated Date: Fri, 23 Jan 2026 01:38 PM (IST)
ਅਬੋਹਰ : ਅਬੋਹਰ ਸ਼ਹਿਰ 'ਚ ਬਸੰਤ ਪੰਚਮੀ (Basant Panchami) ਵਾਲੇ ਦਿਨ ਹੀ ਚਾਈਨਾ ਡੋਰ ਦੀ ਸ਼ਰੇਆਮ ਵਰਤੋਂ ਦਾ ਇਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪੰਜਪੀਰ ਨਗਰ ਨਿਵਾਸੀ 27 ਸਾਲਾ ਭੁਪਿੰਦਰ ਪੁੱਤਰ ਮਦਨ ਲਾਲ ਚਾਈਨਾ ਡੋਰ (China Dor) ਦੀ ਲਪੇਟ 'ਚ ਆਉਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਭੁਪਿੰਦਰ ਦੀ ਗਰਦਨ 'ਤੇ ਚਾਈਨਾ ਡੋਰ ਨਾਲ ਡੂੰਘੇ ਜ਼ਖ਼ਮ ਹੋ ਗਏ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗਰਦਨ 'ਤੇ 15 ਟਾਂਕੇ ਲਗਾਏ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਭੁਪਿੰਦਰ ਆਪਣੇ ਪਿਤਾ ਮਦਨ ਲਾਲ ਨੂੰ ਬਾਈਕ 'ਤੇ ਅਬੋਹਰ ਬੱਸ ਸਟੈਂਡ ਤੋਂ ਘਰ ਲੈ ਕੇ ਆ ਰਿਹਾ ਸੀ। ਜਦੋਂ ਉਹ ਧਰਮਨਗਰੀ ਗਲੀ ਨੰਬਰ 7 ਦੇ ਕੋਲੋਂ ਲੰਘ ਰਿਹਾ ਸੀ, ਤਾਂ ਅਚਾਨਕ ਸੜਕ 'ਤੇ ਲਟਕ ਰਹੀ ਚਾਈਨਾ ਡੋਰ ਉਸ ਦੀ ਗਰਦਨ 'ਚ ਫਸ ਗਈ। ਤੇਜ਼ਧਾਰ ਡੋਰ ਨਾਲ ਉਸ ਦੀ ਗਰਦਨ ਕੱਟੀ ਗਈ ਤੇ ਉਹ ਲਹੂ-ਲੁਹਾਣ ਹੋ ਕੇ ਸੜਕ 'ਤੇ ਡਿੱਗ ਪਿਆ। ਜ਼ਖ਼ਮੀ ਹਾਲਤ ਵਿੱਚ ਤੜਫ ਰਹੇ ਭੁਪਿੰਦਰ ਨੂੰ ਉਸ ਦੇ ਪਿਤਾ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ।
ਪ੍ਰਸ਼ਾਸਨ ਦੇ ਦਾਅਵਿਆਂ ਦੀ ਨਿਕਲੀ ਫੂਕ
ਇਹ ਘਟਨਾ ਬਸੰਤ ਪੰਚਮੀ ਵਾਲੇ ਦਿਨ ਸਵੇਰੇ ਵਾਪਰੀ, ਜਿਸ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਇਸ ਹਾਦਸੇ ਨੇ ਅਬੋਹਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਜਿਨ੍ਹਾਂ ਵਿਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਸੀ। ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਸ਼ਹਿਰ 'ਚ ਚਾਈਨਾ ਡੋਰ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਸੀਮਤ ਹੈ ਅਤੇ ਅਜੇ ਤਕ ਕੋਈ ਠੋਸ ਮਾਮਲਾ ਦਰਜ ਨਹੀਂ ਕੀਤਾ ਗਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਦਰਦਨਾਕ ਘਟਨਾਵਾਂ ਤੋਂ ਬਚਿਆ ਜਾ ਸਕੇ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਜਾਂ ਗਲੀਆਂ-ਮੁਹੱਲਿਆਂ ਵਿੱਚ ਜੋ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।