ਪੂਰਾ ਦਿਨ 18 ਟੀਮਾਂ ਵੱਲੋਂ ਵੋਟਿੰਗ ਕੇਂਦਰਾਂ ਦਾ ਦੌਰਾ, ਪੁਲਿਸ ਰਹੀ ਅਲਰਟ ਮੋਡ ’ਤੇ
ਪੂਰਾ ਦਿਨ 18 ਟੀਮਾਂ ਵੱਲੋਂ ਵੋਟਿੰਗ ਕੇਂਦਰਾਂ ਦਾ ਦੌਰਾ, ਸੁਰੱਖਿਆ ਪ੍ਰਬੰਧਾਂ ਦੀ ਕੀਤੀ ਜਾਂਚ
Publish Date: Tue, 26 May 2026 08:01 PM (IST)
Updated Date: Tue, 26 May 2026 08:04 PM (IST)

ਨਵਜੋਤ ਸਿੰਘ/ਦੀਪਕ ਕੁਮਾਰ ਡਿਕੇ ਫਾਜ਼ਿਲਕਾ : ਨਗਰ ਕੌਂਸਲ ਚੋਣਾਂ ਦੀ ਸ਼ੁਰੂਆਤ ਭਾਵੇਂ ਸਵੇਰੇ ਅੱਠ ਵਜੇ ਹੋਈ, ਪਰ ਫਾਜ਼ਿਲਕਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਸਵੇਰੇ ਸਾੜੇ ਸੱਤ ਵਜੇ ਤੋਂ ਹੀ ਅਲਰਟ ਹੋ ਗਿਆ ਸੀ। ਐਸਐਸਪੀ ਗਗਨ ਅਜੀਤ ਸਿੰਘ ਵੱਲੋਂ ਬਣਾਈਆਂ ਗਈਆਂ ਕਰੀਬ 18 ਟੀਮਾਂ ਨੇ ਸਵੇਰੇ ਸਾੜੇ ਸੱਤ ਵਜੇ ਤੋਂ ਹੀ ਵੋਟਿੰਗ ਕੇਂਦਰਾਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ, ਜੋ ਪੂਰਾ ਦਿਨ ਜਾਰੀ ਰਿਹਾ। ਇਸ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੰਵੇਦਨਸ਼ੀਲ ਬੂਥਾਂ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਇਸ ਦੌਰਾਨ ਐੱਸਐੱਸਪੀ ਸਮੇਤ ਐੱਸਪੀ, ਐੱਸਪੀਡੀ ਅਤੇ ਵੱਖ-ਵੱਖ ਡਿਵੀਜ਼ਨਾਂ ਦੇ ਡੀਐਸਪੀ ਲਗਾਤਾਰ ਵੱਖ-ਵੱਖ ਕੇਂਦਰਾਂ ਦਾ ਦੌਰਾ ਕਰਦੇ ਨਜ਼ਰ ਆਏ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਪੂਰੇ ਜ਼ਿਲ੍ਹੇ ਵਿੱਚ ਸ਼ਾਂਤੀ ਬਣੀ ਰਹੀ। ਚੋਣਾਂ ਤੋਂ ਦੋ ਦਿਨ ਪਹਿਲਾਂ ਦੋ ਵਾਰ ਫਲੈਗ ਮਾਰਚ ਵੀ ਕੱਢਿਆ ਗਿਆ। ਇਸ ਤੋਂ ਇਲਾਵਾ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਸਮੇਂ ਵੀ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਕਿਸੇ ਵੀ ਅਣਪਛਾਤੇ ਵਿਅਕਤੀ ਨੂੰ ਬੂਥਾਂ ਵਿੱਚ ਦਾਖ਼ਲ ਨਾ ਹੋਣ ਦਿੱਤਾ ਜਾਵੇ। ਨਾਲ ਹੀ ਅਧਿਕਾਰੀਆਂ ਨੂੰ ਪੂਰਾ ਦਿਨ ਗਸ਼ਤ ’ਤੇ ਰਹਿਣ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਮੁੱਖ ਧਿਆਨ ਫਾਜ਼ਿਲਕਾ ਅਤੇ ਅਰਨੀਵਾਲਾ ਇਲਾਕਿਆਂ ’ਤੇ ਰਿਹਾ। ਨਤੀਜੇ ਵਜੋਂ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਕਿਤੇ ਵੀ ਝਗੜੇ ਜਾਂ ਹੋਰ ਕਿਸੇ ਘਟਨਾ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ। ਸਵੇਰੇ ਅੱਠ ਵਜੇ ਤੋਂ ਹੀ ਲੋਕ ਵੋਟਿੰਗ ਲਈ ਕਤਾਰਾਂ ਵਿੱਚ ਖੜ੍ਹੇ ਹੋਣੇ ਸ਼ੁਰੂ ਹੋ ਗਏ ਸਨ, ਜਿਸ ਕਾਰਨ ਸਾੜੇ ਸੱਤ ਵਜੇ ਹੀ ਟੀਮਾਂ ਨੂੰ ਅਲਰਟ ਕਰਕੇ ਤਾਇਨਾਤ ਕਰ ਦਿੱਤਾ ਗਿਆ। ਇਸ ਦੌਰਾਨ ਅਧਿਕਾਰੀਆਂ ਵੱਲੋਂ ਲਗਾਤਾਰ ਬੂਥਾਂ ਦੀ ਜਾਂਚ ਕੀਤੀ ਗਈ। ਇੱਕ ਬੂਥ ’ਤੇ ਪਹੁੰਚੇ ਐਸਐਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਤੇ ਵੀ ਕਿਸੇ ਝੜਪ ਦੀ ਕੋਈ ਸੂਚਨਾ ਨਹੀਂ ਮਿਲੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਸੰਪੰਨ ਕਰਵਾਉਣ ਵਿੱਚ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਲੋਕ ਵੱਡੇ ਉਤਸ਼ਾਹ ਨਾਲ ਆਪਣੇ ਮਤਾਧਿਕਾਰ ਦਾ ਇਸਤੇਮਾਲ ਕਰ ਰਹੇ ਹਨ।