ਅਮਲੋਹ ’ਚ ਸੀਵਰੇਜ ਦੀ ਸਮੱਸਿਆ ਹੱਲ ਨਾ ਕੀਤੀ ਤਾਂ ਸੰਘਰਸ਼ ਕਰਾਂਗੇ : ਰਾਜੂ ਖੰਨਾ
ਅਮਲੋਹ ’ਚ ਸੀਵਰੇਜ ਦੀ ਸਮੱਸਿਆ ਹੱਲ ਨਾ ਕੀਤੀ ਤਾਂ ਸੰਘਰਸ਼ ਕਰਾਂਗੇ : ਰਾਜੂ ਖੰਨਾ
Publish Date: Sun, 10 May 2026 06:11 PM (IST)
Updated Date: Sun, 10 May 2026 06:15 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਨਗਰ ਕੌਂਸਲ ਅਮਲੋਹ ਦੇ ਹਾਲਾਤ ਅੱਜ ਬਦ ਤੋਂ ਬੱਤਰ ਹੋ ਚੁੱਕੇ ਹਨ ਕਿਉਂਕਿ ਜਿੱਥੇ ਸੀਵਰੇਜ ਦਾ ਗੰਦਾ ਪਾਣੀ ਵਾਰਡਾਂ ਦੀਆਂ ਗਲੀਆਂ ’ਚ ਘੁੰਮਦਾ ਦਿਖਾਈ ਦੇ ਰਿਹਾ ਹੈ, ਉੱਥੇ ਸ਼ਹਿਰ ਦੇ ਮੇਨ ਬਾਜ਼ਾਰ ਦੀ ਹਾਲਤ ਵੀ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਕਾਰਨ ਤਰਸਯੋਗ ਬਣੀ ਹੋਈ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅਮਲੋਹ ਦਾ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ ਤੇ ਥਾਂ-ਥਾਂ ਖੜ੍ਹੇ ਗੰਦੇ ਪਾਣੀ ਨੇ ਸਵੱਛ ਭਾਰਤ ਅਭਿਆਨ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਾਰਡਾਂ ਤੇ ਸ਼ਹਿਰ ਦੇ ਮੇਨ ਬਾਜ਼ਾਰ ’ਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਨੇ ਦੁਕਾਨਦਾਰਾਂ, ਖਰੀਦਦਾਰਾਂ ਤੇ ਰਾਹਗੀਰਾਂ ਦਾ ਜੀਣਾ ਮੁਹਾਲ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਅੰਦਰ ਮੁਕੰਮਲ ਸੀਵਰੇਜ ਪਾਇਆ ਗਿਆ ਸੀ, ਪਰ ਬਾਅਦ ’ਚ ਕਾਂਗਰਸ ਦੀ ਸਰਕਾਰ ਰਹੀ ਤੇ ਹੁਣ ਆਪ ਦੀ ਸਰਕਾਰ ਹੈ, ਪਰ ਅਮਲੋਹ ਦੇ ਸੀਵਰੇਜ ਦੀ ਸਫ਼ਾਈ ਅੱਜ ਤੱਕ ਨਹੀਂ ਹੋ ਸਕੀ। ਇਸ ਕਾਰਨ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਲੜਖੜਾ ਰਿਹਾ ਹੈ। ਅੱਜ ਸਥਿਤੀ ਇਹ ਹੈ ਕਿ ਗੰਦੇ ਪਾਣੀ ਦੀ ਬਦਬੂ ਕਾਰਨ ਜਿੱਥੇ ਭਿਅੰਕਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ, ਉੱਥੇ ਮੱਛਰਾਂ ਦੀ ਭਰਮਾਰ ਵੀ ਵੱਡੇ ਪੱਧਰ ’ਤੇ ਹੋ ਚੁੱਕੀ ਹੈ। ਰਾਜੂ ਖੰਨਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਸੀਵਰੇਜ ਸਿਸਟਮ ਦੀ ਮੁਕੰਮਲ ਸਫ਼ਾਈ ਕਰਵਾ ਕੇ ਰਾਹਤ ਨਾ ਦਿਵਾਈ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਸ਼ਹਿਰ ਨਿਵਾਸੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਤੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਵਿੱਢੇਗਾ।