ਸ਼ਰਾਬ ਤਸਕਰੀ ਦੇ ਮਾਮਲੇ ’ਚ ਨਾਮਜ਼ਦ ਦੋ ਵਿਅਕਤੀ ਅਦਾਲਤ ਵੱਲੋਂ ਬਰੀ
ਸ਼ਰਾਬ ਤਸਕਰੀ ਦੇ ਮਾਮਲੇ ’ਚ ਨਾਮਜ਼ਦ ਦੋ ਵਿਅਕਤੀ ਅਦਾਲਤ ਵੱਲੋਂ ਬਰੀ
Publish Date: Sat, 02 May 2026 06:27 PM (IST)
Updated Date: Sat, 02 May 2026 06:29 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਵਧੀਕ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਫਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਸਰਹਿੰਦ ਪੁਲਿਸ ਵੱਲੋਂ ਸਾਲ 2021 ਦੌਰਾਨ ਸ਼ਰਾਬ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਇਸ ਮਾਮਲੇ ’ਚ 24 ਦਸੰਬਰ 2021 ਨੂੰ ਪੁਲਿਸ ਥਾਣਾ ਸਰਹਿੰਦ ਵਿਖੇ ਪਰਮਜੀਤ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਅਤੇ ਕ੍ਰਿਸ਼ਨ ਕੁਮਾਰ ਵਾਸੀ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਖ਼ਬਰ ਦੀ ਸੂਚਨਾ ’ਤੇ ਇੱਕ ਕਾਰ ’ਚੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 324 ਬੋਤਲਾਂ ਬਰਾਮਦ ਕਰਨ ਅਤੇ ਪਰਮਜੀਤ ਸਿੰਘ ਤੇ ਕ੍ਰਿਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਅਨੁਸਾਰ ਮੁਲਜ਼ਮ ਹਰਿਆਣਾ ਤੋਂ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਇਲਾਕੇ ’ਚ ਮਹਿੰਗੇ ਭਾਅ ਵੇਚਦੇ ਸਨ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਇਕਮਿੰਦਰਪ੍ਰੀਤ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਸਰਕਾਰੀ ਪੱਖ ਮੁਲਜ਼ਮਾਂ ਖ਼ਿਲਾਫ਼ ਠੋਸ ਸਬੂਤ ਪੇਸ਼ ਕਰਨ ’ਚ ਨਾਕਾਮ ਰਿਹਾ ਹੈ, ਜਿਸ ਕਾਰਨ ਪਰਮਜੀਤ ਸਿੰਘ ਤੇ ਕ੍ਰਿਸ਼ਨ ਕੁਮਾਰ ਨੂੰ ਦੋਸ਼ ਮੁਕਤ ਕੀਤਾ ਜਾਂਦਾ ਹੈ।