ਉਪ ਮੰਡਲ ਮੈਜਿਸਟ੍ਰੇਟ ਵੱਲੋਂ ਅਨਾਜ ਮੰਡੀ ਬੱਸੀ ਪਠਾਣਾ ਦਾ ਦੌਰਾ
ਉਪ ਮੰਡਲ ਮੈਜਿਸਟਰੇਟ ਹਰਵੀਰ ਕੌਰ ਵੱਲੋਂ ਅਨਾਜ ਮੰਡੀ ਬਸੀ ਪਠਾਣਾ ਦਾ ਦੌਰਾ
Publish Date: Tue, 16 Sep 2025 07:00 PM (IST)
Updated Date: Tue, 16 Sep 2025 07:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾ : ਅੱਜ ਸ਼ਾਮ ਐੱਸਡੀਐੱਮ ਹਰਵੀਰ ਕੌਰ ਨੇ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਝੋਨੇ ਦੀ ਖਰੀਦ ਲਈ ਕੀਤੇ ਸਰਕਾਰੀ ਇੰਤਜਾਮਾਂ ਦਾ ਨਿਰੀਖਣ ਕੀਤਾ। ਉਪ ਮੰਡਲ ਮੈਜਿਸਟ੍ਰੇਟ ਹਰਵੀਰ ਕੌਰ ਨੇ ਮੌਕੇ ਤੇ ਮੌਜੂਦ ਮਾਰਕੀਟ ਕਮੇਟੀ ਸਕੱਤਰਾਂ, ਫੂਡ ਇੰਸਪੈਕਟਰਾਂ ਨਾਲ ਗੱਲਬਾਤ ਕੀਤੀ ਤੇ ਝੋਨੇ ਦੀ ਖਰੀਦ ਲਈ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਸਾਫ਼ ਸਫਾਈ ਪ੍ਰਬੰਧਾਂ ਨੂੰ ਨਿਯਮਤ ਯਕੀਨੀ ਬਣਾਉਣ, ਪੀਣ ਲਈ ਸਾਫ਼ ਪਾਣੀ ਦੀ ਉਪਲਬਧਤਾ, ਪਖਾਨਿਆਂ ਦੀ ਸਫਾਈ ਸਮੇਤ ਹੋਰ ਪ੍ਰਬੰਧਾਂ ਬਾਰੇ ਵੀ ਦਿਸ਼ਾ ਨਿਰਦੇਸ਼ ਦਿੱਤੇ। ਉਪ ਮੰਡਲ ਮੈਜਿਸਟ੍ਰੇਟ ਨੇ ਮੌਕੇ ਉੱਤੇ ਹਾਜ਼ਰ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਅਨਾਜ ਮੰਡੀਆਂ ਵਿਚ ਆਪਣੀ ਜਿਣਸ ਦੀ ਵਿਕਰੀ ਕਰਨ ਲਈ ਆਉਣ ਵਾਲੇ ਕਿਸਾਨਾਂ ਨੂੰ ਕੇਵਲ ਸੁੱਕੀ ਫਸਲ ਲਿਆਉਣ ਬਾਰੇ ਹੀ ਲਗਾਤਾਰ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ਼ਾਮ 6 ਵਜੇ ਤੋਂ ਅਗਲੀ ਸਵੇਰ 10 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਵਾਢੀ ਕਰਨ ਤੇ ਰੋਕ ਲਗਾਈ ਹੋਈ ਹੈ ਅਤੇ ਜੇਕਰ ਸਬ ਡਵੀਜ਼ਨ ਬਸੀ ਪਠਾਣਾ ਅੰਦਰ ਕੋਈ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਕੰਬਾਇਨ ਨੂੰ ਜਬਤ ਕਰਨ ਦੇ ਨਾਲ ਨਾਲ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਐੱਸਡੀਐੱਮ ਹਰਵੀਰ ਕੌਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਨਾਜ ਮੰਡੀਆਂ ਵਿਚ ਕੇਵਲ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਜਿਣਸ ਦੀ ਨਾਲੋ ਨਾਲ ਖਰੀਦ ਕੀਤੀ ਜਾ ਸਕੇ ਅਤੇ ਮੰਡੀਆਂ ਵਿਚ ਝੋਨੇ ਦੇ ਅੰਬਾਰ ਨਾ ਲੱਗਣ। ਉਨ੍ਹਾਂ ਨੇ ਮਾਰਕੀਟ ਕਮੇਟੀ ਤੇ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਨਾਜ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ।