ਬੁੱਗਾ ਕਲਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਐੱਨਐੱਮਐੱਮਐੱਸ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ
ਬੁੱਗਾ ਕਲਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਐਨਐਮਐਮਐਸ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Tue, 05 May 2026 05:11 PM (IST)
Updated Date: Tue, 05 May 2026 05:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸਾਲ 2025-26 ਦੀ ਐੱਨਐੱਮਐੱਮਐੱਸ ਪ੍ਰੀਖਿਆ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਕੁੱਲ 53 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਨੂੰ ਕਲੀਅਰ ਕੀਤਾ ਅਤੇ ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਦੇ ਹੋਣਹਾਰ ਵਿਦਿਆਰਥੀ ਦੀਪਿੰਦਰ ਸਿੰਘ ਨੇ 180 ’ਚੋਂ 144 ਅੰਕ ਲੈ ਕੇ ਜ਼ਿਲ੍ਹਾ ਟਾਪ ਕੀਤਾ। ਜ਼ਿਲ੍ਹੇ ਦੇ 53 ’ਚੋਂ ਇਸ ਸਕੂਲ ਦੇ ਕੁੱਲ 9 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਟੈੱਸਟ ਨੂੰ ਕਲੀਅਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਇਸ ਸਕੂਲ ਦੇ ਕੁੱਲ 55 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਕਲੀਅਰ ਕੀਤੀ ਹੈ। ਜਿਸ ਵਿਚ ਹਰ ਵਿਦਿਆਰਥੀ ਨੂੰ 48000 ਰੁਪਏ ਦੀ ਵਜ਼ੀਫਾ ਰਾਸ਼ੀ ਮਿਲੇਗੀ। ਮਾਣ ਵਾਲੀ ਗੱਲ ਇਹ ਹੈ ਕਿ ਇਸ ਸਕੂਲ ਦੇ 9 ਵਿਦਿਆਰਥੀਆਂ ’ਚੋਂ ਦੀਪਿੰਦਰ ਸਿੰਘ ਨੇ 144 ਅੰਕਾਂ ਨਾਲ ਜ਼ਿਲ੍ਹੇ ’ਚੋਂ ਪਹਿਲੀ ਪੁਜ਼ੀਸ਼ਨ, ਮਨਪ੍ਰੀਤ ਸਿੰਘ ਨੇ 135 ਅੰਕਾਂ ਨਾਲ ਤੀਜੀ ਪੁਜ਼ੀਸ਼ਨ, ਸ਼ਾਹਜਹਾਂ ਪ੍ਰਵੀਨ ਨੇ 129 ਅੰਕਾਂ ਨਾਲ ਚੌਥੀ ਪੁਜ਼ੀਸ਼ਨ, ਅਨੂਪਜੀਤ ਕੌਰ ਨੇ 128 ਅੰਕਾਂ ਨਾਲ ਪੰਜਵੀਂ ਪੁਜ਼ੀਸ਼ਨ, ਉਦੈਵੀਰ ਸਿੰਘ ਅਤੇ ਹਰਮਨ ਸਿੰਘ ਨੇ 123 ਅੰਕਾਂ ਨਾਲ਼ ਸਾਂਝੇ ਤੌਰ ’ਤੇ ਅੱਠਵੀਂ ਪੁਜ਼ੀਸ਼ਨ ਹਾਸਲ ਕੀਤੀ ਹੈ। ਅਤੇ ਇਸ ਤੋਂ ਇਲਾਵਾ ਜੈਸਮੀਨ ਕੌਰ ਨੇ 106 ਅੰਕ ਹਾਸਲ ਕੀਤੇ। ਹਰਪ੍ਰੀਤ ਕੌਰ ਨੇ 103 ਅੰਕ ਅਤੇ ਮੁਹੰਮਦ ਆਸਿਫ ਨੇ 94 ਅੰਕ ਹਾਸਲ ਕਰਕੇ ਇਹ ਪ੍ਰੀਖਿਆ ਕਲੀਅਰ ਕੀਤੀ। ਇਸ ਮਾਣਮੱਤੀ ਪ੍ਰਾਪਤੀ ਲਈ ਹੈੱਡ ਮਾਸਟਰ ਅਮਨਦੀਪ ਸਿੰਘ ਤੇਜ਼ੇ ਵੱਲੋਂ ਸਮੂਹ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਇਸ ਪ੍ਰਾਪਤੀ ਲਈ ਗਾਈਡ ਅਧਿਆਪਕਾਂ ਗੁਰਪ੍ਰੀਤ ਕੌਰ, ਤਰੁਨ ਗੁਪਤਾ, ਅਮਨਪ੍ਰੀਤ ਸਿੰਘ ਅਤੇ ਡਾ. ਦਰਸ਼ਨ ਕੁਮਾਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗਾਈਡ ਅਧਿਆਪਕਾਂ ਸਮੇਤ ਅਮਨਦੀਪ ਸਿੰਘ, ਗਗਨਦੀਪ ਕੌਰ ਗਿੱਲ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਭਗਵੰਤ ਸਿੰਘ, ਮਨਜੀਤ ਕੌਰ, ਰਵਿੰਦਰ ਸਿੰਘ, ਰਣਬੀਰ ਕੁਮਾਰ ਅਤੇ ਪਰਮਜੀਤ ਸਿੰਘ ਮੌਜੂਦ ਸਨ।