ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਕੈਨੇਡੀਅਨ ਸੰਸਥਾ ਨਾਲ ਸਮਝੌਤਾ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਕੈਨੇਡੀਅਨ ਸੰਸਥਾ ਨਾਲ ਸਮਝੌਤਾ
Publish Date: Sun, 26 Apr 2026 04:16 PM (IST)
Updated Date: Sun, 26 Apr 2026 04:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਨੇ ਵਿਸ਼ਵ ਪੱਧਰੀ ਅਕਾਦਮਿਕ ਗਠਜੋੜ ਤਹਿਤ ਇੰਸਟੀਟਿਊਟ ਆਫ ਇਨੋਵੇਸ਼ਨ ਐਂਡ ਐਡਵਾਂਸਡ ਲਰਨਿੰਗ (ਆਈਆਈਏਐਲ) ਓਂਟਾਰੀਓ, ਕੈਨੇਡਾ ਨਾਲ ਇਕ ਅਹਿਮ ਸਮਝੌਤਾ ਸਹੀਬੰਦ ਕੀਤਾ ਹੈ। ਇਸ ਸਮਝੌਤਾ ਪੱਤਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਅਤੇ ਆਈਆਈਏਐਲ ਦੇ ਡਾਇਰੈਕਟਰ ਡਾ ਜੁਆਨ ਮਾਰਸੈੱਲੋ ਗੋਮੇਜ਼ ਨੇ ਦਸਤਖਤ ਕੀਤੇ। ਇਸ ਅੰਤਰਰਾਸ਼ਟਰੀ ਸਹਿਯੋਗ ਨੂੰ ਸਿਰੇ ਚਾੜ੍ਹਨ ਵਿੱਚ ਖੇਤੀਬਾੜੀ ਵਿਭਾਗ ਦੀ ਮੁਖੀ ਡਾ ਜਸਪ੍ਰੀਤ ਕੌਰ ਢਿੱਲੋਂ ਨੇ ਅਹਿਮ ਭੂਮਿਕਾ ਨਿਭਾਈ, ਜਦਕਿ ਡੀਨ ਅਕਾਦਮਿਕ ਮਾਮਲੇ ਪ੍ਰੋ ਸੁਖਵਿੰਦਰ ਸਿੰਘ ਬਿਲਿੰਗ ਨੇ ਵੀ ਇਸ ਕਾਰਜ ਲਈ ਪੂਰਨ ਸਹਿਯੋਗ ਦਿੱਤਾ। ਇਹ ਸਹਿਯੋਗ ਉੱਚ ਪੱਧਰੀ ਖੇਤੀਬਾੜੀ ਖੋਜ, ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਲਈ ਨਵੇਂ ਰਾਹ ਖੋਲ੍ਹੇਗਾ। ਇਸ ਸਮਝੌਤੇ ਰਾਹੀਂ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਐਕਸਚੇਂਜ ਪ੍ਰੋਗਰਾਮ, ਸਾਂਝੇ ਖੋਜ ਪ੍ਰੋਜੈਕਟ ਅਤੇ ਹੁਨਰ ਵਿਕਾਸ ਦੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਨਾਲ ਯੂਨੀਵਰਸਿਟੀ ਦੀ ਵਿਸ਼ਵ ਪੱਧਰੀ ਪਛਾਣ ਹੋਰ ਮਜ਼ਬੂਤ ਹੋਵੇਗੀ। ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਨੂੰ ਭਵਿੱਖਮੁਖੀ ਕਦਮ ਦੱਸਦਿਆਂ ਕਿਹਾ ਕਿ ਇਹ ਸਮਝੌਤਾ ਅਕਾਦਮਿਕ ਗੁਣਵੱਤਾ ਵਧਾਉਣ ਦੇ ਨਾਲ-ਨਾਲ ਟਿਕਾਊ ਖੇਤੀਬਾੜੀ ਅਤੇ ਨਵੀਨਤਾਕਾਰੀ ਵਿਕਾਸ ਵਿੱਚ ਸਹਾਈ ਸਿੱਧ ਹੋਵੇਗਾ।