- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਚਨਚੇਤ ਚੈਕਿੰਗ ਦੌਰਾਨ ਜਸਵੀਰ ਸਿੰਘ ਸੇਖੋਂ ਨੇ ਦੇਖਿਆ ਕਿ ਕਈ ਥਾਵਾਂ 'ਤੇ Food Commission ਦਾ ਸ਼ਿਕਾਇਤ ਨੰਬਰ ਸਹੀ ਢੰਗ ਨਾਲ ਪ੍ਰਦਰਸ਼ਤ ਨਹੀਂ ਕੀਤਾ ਗਿਆ ਸੀ ਜਿਸ ਦਾ ਉਨ੍ਹਾਂ ਸਖ਼ਤ ਨੋਟਿਸ ਲਿਆ ਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ।

ਸਟਾਫ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਰਾਜ ਫੂਡ ਕਮਿਸ਼ਨ (Punjab State Food Commission) ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਅੱਜ ਬਸੀ ਪਠਾਣਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਦੀ ਗੁਣਵੱਤਾ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਸੀ।
ਚੈਕਿੰਗ ਦੌਰਾਨ ਸੇਖੋਂ ਨੇ ਦੇਖਿਆ ਕਿ ਕਈ ਥਾਵਾਂ 'ਤੇ ਫੂਡ ਕਮਿਸ਼ਨ ਦਾ ਸ਼ਿਕਾਇਤ ਨੰਬਰ ਸਹੀ ਢੰਗ ਨਾਲ ਪ੍ਰਦਰਸ਼ਤ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਮਿਸ਼ਨ ਦਾ ਹੈਲਪਲਾਈਨ ਨੰਬਰ 98767-64545 ਤੁਰੰਤ ਸਪੱਸ਼ਟ ਰੂਪ ਵਿੱਚ ਲਿਖਿਆ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਖਾਣੇ ਦੀ ਗੁਣਵੱਤਾ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕੇ।
ਬੱਚਿਆਂ ਦੀ ਸਿਹਤ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਸੇਖੋ ਨੇ ਸਕੂਲਾਂ ਵਿੱਚ ਹਰਬਲ ਗਾਰਡਨ ਬਣਾਉਣ ਦੀ ਪਹਿਲਕਦਮੀ ਨੂੰ ਫਾਇਦੇਮੰਦ ਦੱਸਿਆ। ਜਸਵੀਰ ਸਿੰਘ ਸੇਖੇਂ ਨੇ ਕਿਹਾ ਕਿ ਸਹੀ ਖੁਰਾਕ ਹੀ ਪਹਿਲੀ ਦਵਾਈ ਹੈ। ਉਨ੍ਹਾਂ ਕਿਹਾ ਕਿ ਹਰ ਸਕੂਲ ਵਿੱਚ ਸੁਹੰਜਨਾ, ਪੁਦੀਨਾ, ਕਾਲੀ ਮਿਰਚ ਅਤੇ ਤੁਲਸੀ ਵਰਗੇ ਦਵਾਈਆਂ ਵਾਲੇ ਪੌਦੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸੁਹਾਂਜਨਾ ਵਰਗੇ ਪੌਦੇ ਮਲਟੀ-ਵਿਟਾਮਿਨਾਂ ਦਾ ਖਜ਼ਾਨਾ ਹਨ, ਜਿਨ੍ਹਾਂ ਨੂੰ ਮਿਡ-ਡੇਅ ਮੀਲ ਵਿੱਚ ਵਰਤਿਆ ਜਾਣਾ ਚਾਹੀਦਾ ਹੈ।
ਸਕੂਲ ਵਿੱਚ ਪੀਣ ਵਾਲੇ ਪਾਣੀ ਦੀ ਜਾਂਚ ਲਈ ਮੌਕੇ 'ਤੇ ਟੀਡੀਐਸ ਚੈੱਕ ਕੀਤਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਪਾਣੀ ਦੀ ਗੁਣਵੱਤਾ ਮਾਪਦੰਡਾਂ ਅਨੁਸਾਰ ਨਹੀਂ ਹੈ, ਉੱਥੇ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ।
ਆਂਗਣਵਾੜੀ ਸੈਂਟਰਾਂ ਦੇ ਨਿਰੀਖਣ ਦੌਰਾਨ ਉਨ੍ਹਾਂ ਨੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਖਿਡੌਣੇ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਮਿਡ-ਡੇਅ ਮੀਲ ਦੀ ਚੈਕਿੰਗ ਕਰਦਿਆਂ ਕਿਹਾ ਕਿ ਖਾਣੇ ਦੀ ਗੁਣਵੱਤਾ ਪੱਖੋਂ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਮਿਡ ਡੇਅ ਮੀਲ ਤਿਆਰ ਕਰਾਉਣ ਮੌਕੇ ਰੱਖੀ ਜਾ ਰਹੀ ਸਾਫ਼-ਸਫਾਈ ਉੱਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਸੇਖੋ ਨੇ ਸਪੱਸ਼ਟ ਕੀਤਾ ਕਿ ਖਾਣੇ ਅਤੇ ਹੋਰ ਸਹੂਲਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਉਪ ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਦੀਦਾਰ ਸਿੰਘ, ਉਪ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਕਮਲਜੀਤ ਕੌਰ, ਸੀਡੀਪੀਓ ਕੋਮਲਪ੍ਰੀਤ ਕੌਰ, ਡੀਐਫ਼ਐਸਓ ਕੇਵਲ ਸਿੰਘ ਵੀ ਹਾਜ਼ਰ ਸਨ।