ਨੰਬਰਦਾਰ ਲਖਬੀਰ ਸਿੰਘ ਅਮਲੋਹ ਤਹਿਸੀਲ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ
Publish Date: Sun, 26 Apr 2026 04:20 PM (IST)
Updated Date: Sun, 26 Apr 2026 04:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੁਰਦੁਆਰਾ ਗੁਪਤਸਰ ਸਾਹਿਬ ਜੱਸੜਾ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਅਤੇ ਸੀਨੀਅਰ ਆਗੂ ਹਰਬੰਸ ਸਿੰਘ ਈਸ਼ਰਹੇਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਲਖਬੀਰ ਸਿੰਘ ਨੂੰ ਤਹਿਸੀਲ ਅਮਲੋਹ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਝਾਮਪੁਰ ਅਤੇ ਹਰਬੰਸ ਸਿੰਘ ਈਸ਼ਰਹੇਲ ਨੇ ਸਰਕਾਰ ’ਤੇ ਵਾਅਦਾ-ਖਿਲਾਫ਼ੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮਾਣ-ਭੱਤਾ 5 ਹਜ਼ਾਰ ਰੁਪਏ ਕਰਨ ਅਤੇ ਜੱਦੀ-ਪੁਸ਼ਤੀ ਨੰਬਰਦਾਰੀ ਬਹਾਲ ਰੱਖਣ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਨੰਬਰਦਾਰਾਂ ਲਈ 25 ਲੱਖ ਰੁਪਏ ਦਾ ਬੀਮਾ ਯਕੀਨੀ ਬਣਾਇਆ ਜਾਵੇ, ਟੋਲ ਪਲਾਜ਼ਿਆਂ ’ਤੇ ਫ਼ੀਸ ਤੋਂ ਛੋਟ ਦਿੱਤੀ ਜਾਵੇ ਅਤੇ ਸਰਕਾਰੀ ਬੱਸਾਂ ’ਚ ਸਫ਼ਰ ਮੁਫ਼ਤ ਕੀਤਾ ਜਾਵੇ। ਇਸ ਮੌਕੇ ਨੰਬਰਦਾਰਾਂ ਨੂੰ 9 ਮਈ ਨੂੰ ਗੁਰਦੁਆਰਾ ਟਾਹਲੀ ਸਾਹਿਬ ਰਾਏਕੋਟ ਵਿਖੇ ਹੋਣ ਵਾਲੇ ਸੂਬਾ ਪੱਧਰੀ ਇਕੱਠ ’ਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ, ਸ਼ਰਧਾ ਸਿੰਘ, ਗੁਰਵਿੰਦਰ ਸਿੰਘ ਚੁਣੋ, ਅਮਰਜੀਤ ਸਿੰਘ, ਡਾ. ਮਨਜੀਤ ਸਿੰਘ, ਸਿਕੰਦਰ ਸਿੰਘ, ਹਰਜਿੰਦਰ ਸਿੰਘ ਸਲਾਣੀ, ਰਣਜੀਤ ਸਿੰਘ ਮੁਢੜੀਆਂ, ਜਸਵਿੰਦਰ ਸਿੰਘ, ਗੁਰਜੀਤ ਸਿੰਘ ਬੁੱਲੇਪੁਰ, ਰਣਦੀਪ ਸਿੰਘ, ਭੀਮ ਸਿੰਘ, ਬਲਕਾਰ ਸਿੰਘ, ਰਵਿੰਦਰਜੀਤ ਸਿੰਘ, ਜਗਤਾਰ ਸਿੰਘ, ਦੀਪਕ ਅਜਨਾਲੀ ਅਤੇ ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਨੰਬਰਦਾਰ ਮੌਜੂਦ ਸਨ।