ਇਕ ਮਹੀਨੇ ਬਾਅਦ ਵੀ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
ਇਕ ਮਹੀਨੇ ਬਾਅਦ ਵੀ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
Publish Date: Fri, 24 Apr 2026 07:10 PM (IST)
Updated Date: Fri, 24 Apr 2026 07:13 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਪਿੰਡ ਮਾਜਰਾ ਮੰਨਾ ਸਿੰਘ ਵਾਲਾ ਦੇ ਗਗਨਦੀਪ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸਦੇ ਪਤੀ ਗਗਨਦੀਪ ਸਿੰਘ ਨੂੰ 28 ਮਾਰਚ ਨੂੰ ਰਸਤੇ ਵਿਚ ਘੇਰ ਕੇ ਅੱਧਾ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ ਸੀ। ਉਸਦਾ ਪਤੀ ਪਹਿਲਾ ਸਿਵਲ ਹਸਪਤਾਲ ਅਮਲੋਹ ਬਾਅਦ ’ਚ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਜ਼ੇਰੇ ਇਲਾਜ ਰਿਹਾ ਪਰ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਖ਼ਿਲਾਫ਼ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਗਗਨਦੀਪ ਸਿੰਘ ਅਮਲੋਹ ਵਿਖੇ ਇਕ ਵਰਕਸ਼ਾਪ ਵਿਚ ਕਾਰ ਮਕੈਨਿਕ ਦਾ ਕੰਮ ਕਰਦਾ ਹੈ ਉਥੇ ਹੀ ਵਿਸ਼ਵਜੀਤ ਸਿੰਘ ਨਾਂ ਦਾ ਵਿਅਕਤੀ ਵੀ ਕੰਮ ਕਰਦਾ ਹੈ। 26 ਮਾਰਚ ਨੂੰ ਦੋਵਾਂ ਵਿੱਚ ਵਰਕਸ਼ਾਪ ਵਿੱਚ ਹੀ ਲੜਾਈ ਝਗੜਾ ਹੋ ਗਿਆ। ਉਸ ਸਮੇਂ ਵਰਕਸ਼ਾਪ ਦੇ ਮਾਲਕ ਨੇ ਦੋਵਾਂ ਵਿੱਚ ਸਮਝੌਤਾ ਕਰਾ ਦਿੱਤਾ। ਹਰਪ੍ਰੀਤ ਨੇ ਦੱਸਿਆ ਕਿ ਵਿਸ਼ਵਜੀਤ ਉਸੇ ਦਿਨ ਰਾਤ ਨੂੰ ਪੰਜ ਛੇ ਵਿਅਕਤੀ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਿਆ ਅਸੀਂ ਉਨਾਂ ਦੀਆਂ ਮਿਨਤਾਂ ਦੀ ਕੀਤੀਆਂ ਅਤੇ ਮਾਫੀ ਵੀ ਮੰਗੀ ਪਰ ਉਹ ਧਮਕੀ ਦੇ ਕੇ ਚਲੇ ਗਏ। 28 ਮਾਰਚ ਨੂੰ ਉਸ ਦਾ ਪਤੀ ਗਗਨਦੀਪ ਜਦੋਂ ਕੰਮ ਤੋਂ ਵਾਪਸ ਆਪਣੇ ਮੋਟਰਸਾਈਕਲ ਤੇ ਪਿੰਡ ਆ ਰਿਹਾ ਸੀ ਤਾਂ ਖੰਨਾ ਰੋਡ ’ਤੇ ਵਿਸ਼ਵਜੀਤ ਨੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਦੇ ਉਸ ਦੇ ਪਤੀ ਦੀ ਕਥਿਤ ਤੌਰ ’ਤੇ ਭਾਰੀ ਕੁੱਟਮਾਰ ਕੀਤੀ ਜਿਸ ਵਿੱਚ ਉਸ ਦੇ ਪਤੀ ਦੇ ਹੱਥ ਤੇ ਗੋਡੇ ’ਤੇ ਫਰੈਕਚਰ ਹੋ ਗਿਆ ਉਸਦੇ ਦੰਦ ਵੀ ਹਿਲ ਗਏ। ਹਰਪ੍ਰੀਤ ਕੌਰ ਮੁਤਾਬਿਕ ਹਮਲਾਵਰਾਂ ਨੇ ਉਸ ਦੇ ਪਤੀ ਦਾ ਮੋਬਾਈਲ ਫੋਨ ਵੀ ਤੋੜ ਦਿੱਤਾ ਤੇ 10 ਹਜ਼ਾਰ ਰੁਪਏ ਵੀ ਕੱਢ ਕੇ ਲੈ ਗਏ। ਉਹ ਤਕਰੀਬਨ 15 ਦਿਨ ਹਸਪਤਾਲ ਵਿੱਚ ਦਾਖਲ ਰਿਹਾ ਤੇ ਹੁਣ ਉਹ ਤੁਰਨ ਤੋਂ ਵੀ ਅਸਮਰਥ ਹੈ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਤਾਂ ਕੀ ਕਰਨਾ ਸੀ ਸਗੋਂ ਕੋਈ ਐਫਆਈਆਰ ਵੀ ਦਰਜ ਨਹੀਂ ਕੀਤੀ ਗਈ। ਜਦੋਂ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਸਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਗਗਨਦੀਪ ਸਿੰਘ ਦੇ ਬਿਆਨ ਕਲਮ ਬੰਦ ਕੀਤੇ ਹਨ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੁਲਜ਼ਮਾਂ ਖਿਲਾਫ ਮੁਕਦਮਾ ਦਰਜ ਕੀਤਾ ਜਾਵੇਗਾ। ਪਹਿਲਾਂ ਦੋਵਾਂ ਧਿਰਾਂ ਦੀ ਆਪਸ ਵਿੱਚ ਸਮਝੌਤੇ ਦੀ ਗੱਲ ਵੀ ਚੱਲ ਰਹੀ ਸੀ ਪਰ ਉਹ ਸਿਰੇ ਨਹੀ ਚੜੀ।