ਐੱਸਜੀਜੀਐੱਸਵੀਯੂ ਦੇ ਗੱਤਕਾ ਖਿਡਾਰੀਆਂ ਨੇ ਮਾਰੀ ਬਾਜ਼ੀ
ਗੱਤਕਾ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ
Publish Date: Sat, 23 May 2026 05:23 PM (IST)
Updated Date: Sat, 23 May 2026 05:25 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (ਐੱਸਜੀਜੀਐੱਸਵੀਯੂ) ਦੇ ਖਿਡਾਰੀਆਂ ਨੇ ਸਰਹਿੰਦ ਫਤਹਿ ਦਿਵਸ ਮੌਕੇ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਹੈ। ਯੂਨੀਵਰਸਿਟੀ ਦੇ ਖਿਡਾਰੀ ਜਸਕਰਨ ਸਿੰਘ ਅਤੇ ਗੱਤਕਾ ਖਿਡਾਰਨ ਕਿਰਨਪਾਲ ਕੌਰ ਨੇ ਆਪੋ ਆਪਣੇ ਵਰਗਾਂ ਵਿਚ ਦੂਜਾ ਸਥਾਨ ਪ੍ਰਾਪਤ ਕਰ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਇਹ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਧਰਮ ਪ੍ਰਚਾਰ ਸਕੱਤਰ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੀਆਂ ਟੀਮਾਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਲੜਕਿਆਂ ਅਤੇ ਲੜਕੀਆਂ ਦੇ ਵਰਗਾਂ ਵਿਚ ਫਰੀ ਸੋਟੀ ਦੇ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਵਰਗ ਵਿਚ ਯੂਨੀਵਰਸਿਟੀ ਦੇ ਖਿਡਾਰੀ ਜਸਕਰਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿੱਚ ਯੂਨੀਵਰਸਿਟੀ ਦੀ ਗੱਤਕਾ ਖਿਡਾਰਨ ਕਿਰਨਪਾਲ ਕੌਰ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਦੀ ਇਸ ਜਿੱਤ ’ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਅਤੇ ਵਿਭਾਗ ਮੁਖੀ ਡਾ. ਵਰਿੰਦਰ ਸਿੰਘ ਭੁੱਲਰ ਵੱਲੋਂ ਗੱਤਕਾ ਕੋਚ ਤਲਵਿੰਦਰ ਸਿੰਘ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ। ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਗੱਤਕਾ ਟੀਮ ਇਸ ਸਾਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਵਿਚ ਵੀ ਓਵਰਆਲ ਦੂਜਾ ਸਥਾਨ ਪ੍ਰਾਪਤ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਐਸਪੀ ਸਿੰਘ ਓਬਰਾਏ ਦੇ ਸਹਿਯੋਗ ਨਾਲ 12ਵੀਂ ਕਲਾਸ ਤੋਂ ਬਾਅਦ 1 ਸਾਲ ਦਾ ਡਿਪਲੋਮਾ ਕੋਰਸ ਕਰਵਾਇਆ ਜਾਂਦਾ ਹੈ। ਇਸ ਕੋਰਸ ਦੀਆਂ 35 ਸੀਟਾਂ ਹਨ ਅਤੇ ਇਸ ਦੀ ਸਾਲਾਨਾ ਫੀਸ ਵੀ ਟਰੱਸਟ ਵੱਲੋਂ ਭਰੀ ਜਾਂਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਲੜਕੀਆਂ ਨੂੰ ਵਿਸ਼ੇਸ਼ ਤੌਰ ’ਤੇ ਮਾਰਸ਼ਲ ਆਰਟ ਗੱਤਕਾ ਦੀ ਟ੍ਰੇਨਿੰਗ ਵੀ ਪ੍ਰਦਾਨ ਕੀਤੀ ਜਾਂਦੀ ਹੈ।