ਬੱਸੀ ਪਠਾਣਾ 'ਚ ਦਰਦਨਾਕ ਹਾਦਸਾ: ਤੂੜੀ ਬਣਾਉਂਦੇ ਸਮੇਂ ਟਰੈਕਟਰ ਤੋਂ ਡਿੱਗਿਆ ਨੌਜਵਾਨ; ਟਾਇਰ ਹੇਠਾਂ ਆਉਣ ਕਾਰਨ ਗਈ ਜਾਨ
ਹਲਕਾ ਬੱਸੀ ਪਠਾਣਾ ਦੇ ਅਧੀਨ ਆਉਂਦੇ ਪਿੰਡ ਭਾਮੀਆਂ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ, ਜਿੱਥੇ ਆਪਣੇ ਹੀ ਖੇਤ ਵਿੱਚ ਟਰੈਕਟਰ ਦੇ ਟਾਇਰ ਹੇਠਾਂ ਆਉਣ ਕਾਰਨ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਪ੍ਰੀਤ ਸਿੰਘ (26) ਪੁੱਤਰ ਚਰਨਜੀਤ ਸਿੰਘ ਵਜੋਂ ਹੋਈ ਹੈ।
Publish Date: Sat, 18 Apr 2026 03:01 PM (IST)
Updated Date: Sat, 18 Apr 2026 03:03 PM (IST)
ਦੀਪਕ ਸੂਦ, ਫਤਿਹਗੜ੍ਹ ਸਾਹਿਬ : ਹਲਕਾ ਬੱਸੀ ਪਠਾਣਾ ਦੇ ਅਧੀਨ ਆਉਂਦੇ ਪਿੰਡ ਭਾਮੀਆਂ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ, ਜਿੱਥੇ ਆਪਣੇ ਹੀ ਖੇਤ ਵਿੱਚ ਟਰੈਕਟਰ ਦੇ ਟਾਇਰ ਹੇਠਾਂ ਆਉਣ ਕਾਰਨ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਪ੍ਰੀਤ ਸਿੰਘ (26) ਪੁੱਤਰ ਚਰਨਜੀਤ ਸਿੰਘ ਵਜੋਂ ਹੋਈ ਹੈ।
ਖੇਤ ਵਿੱਚ ਕੰਮ ਕਰਦੇ ਸਮੇਂ ਵਾਪਰਿਆ ਭਾਣਾ
ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਭਾਮੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਵਪ੍ਰੀਤ ਸਿੰਘ ਖੇਤ ਵਿੱਚ ਤੂੜੀ ਬਣਾਉਣ ਦਾ ਕੰਮ ਕਰ ਰਿਹਾ ਸੀ। ਜਿਵੇਂ ਹੀ ਉਹ ਟਰੈਕਟਰ ਲੈ ਕੇ ਖੇਤ ਵਿੱਚ ਪਹੁੰਚਿਆ, ਤਾਂ ਖੇਤ ਦੀ ਵੱਟ ਉੱਚੀ ਹੋਣ ਕਾਰਨ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ। ਇਸ ਦੌਰਾਨ ਨਵਪ੍ਰੀਤ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾਂ ਡਿੱਗ ਪਿਆ, ਜਿਸ ਕਾਰਨ ਉਹ ਟਰੈਕਟਰ ਦੇ ਭਾਰੀ ਟਾਇਰ ਹੇਠਾਂ ਦਬਿਆ ਗਿਆ।
ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਨੇੜੇ ਹੀ ਤੂੜੀ ਵਾਲੀ ਮਸ਼ੀਨ ਚਲਾ ਰਹੇ ਹੋਰ ਲੋਕਾਂ ਨੇ ਤੁਰੰਤ ਨਵਪ੍ਰੀਤ ਨੂੰ ਗੰਭੀਰ ਹਾਲਤ ਵਿੱਚ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਰੈਫਰ ਕਰ ਦਿੱਤਾ। ਅਪੋਲੋ ਹਸਪਤਾਲ ਦੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਨਵਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦੇਈਏ ਕਿ ਨਵਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।