ਮੀਰੀ ਪੀਰੀ ਦਿਵਸ ਨੂੰ ਸਮਰਪਿਤ ਕਰਵਾਏ ਜਾਣਗੇ ਦਸਤਾਰ ਤੇ ਗਤਕਾ ਮੁਕਾਬਲੇ
ਮੀਰੀ ਪੀਰੀ ਦਿਵਸ ਨੂੰ ਸਮਰਪਿਤ ਕਰਵਾਏ ਜਾਣਗੇ ਰਾਸ਼ਟਰੀ ਪੱਧਰ ’ਤੇ ਦਸਤਾਰ ਤੇ ਗਤਕਾ ਮੁਕਾਬਲੇ
Publish Date: Mon, 18 May 2026 05:16 PM (IST)
Updated Date: Mon, 18 May 2026 05:18 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਰਾਸ਼ਟਰੀ ਪੱਧਰ ’ਤੇ ਦਸਤਾਰ ਅਤੇ ਗਤਕਾ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਮੁਖੀ ਭਾਈ ਉਦੇ ਸਿੰਘ ਨੇ ਦੱਸਿਆ ਕਿ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਮੀਰੀ ਅਤੇ ਪੀਰੀ ਅਤੇ ਨਿਤਾਣੇ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਦੇ ਮਹਾਨ ਸਿਧਾਂਤ ਬਖ਼ਸ਼ੇ ਸਨ। ਇਨ੍ਹਾਂ ਸਿਧਾਂਤਾਂ ਨੂੰ ਪ੍ਰਫੁੱਲਿਤ ਕਰਨ ਲਈ ਸਿੱਖ ਨੌਜਵਾਨਾਂ ਵਿੱਚ ਸ਼ਸਤ੍ਰ ਵਿੱਦਿਆ ਦੇ ਪੁਰਾਤਨ ਰੂਪਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਨ੍ਹਾਂ ਮੁਕਾਬਲਿਆਂ ਲਈ ਸੂਬੇ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਵੱਖ-ਵੱਖ ਇਲਾਕਿਆਂ ਵਿੱਚ ਮੁਕਾਬਲਿਆਂ ਰਾਹੀਂ ਪਹਿਲਾਂ ਪ੍ਰਤੀਭਾਗੀਆਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਗਤਕਾ ਮੁਕਾਬਲਿਆਂ ’ਚ ਕਿਸੇ ਵੀ ਤਰ੍ਹਾਂ ਦੀ ਸਟੰਟਬਾਜੀ ਨੂੰ ਕੋਈ ਥਾਂ ਨਹੀਂ ਦਿੱਤੀ ਜਾਵੇਗੀ ਅਤੇ ਇਹ ਮੁਕਾਬਲੇ ਨਿਰੋਲ ਸ਼ਸਤ੍ਰ ਵਿੱਦਿਆ ਦੇ ਅਸਲ ਰੂਪ ’ਤੇ ਅਧਾਰਿਤ ਹੋਣਗੇ। ਗਤਕਾ ਮੁਕਾਬਲਿਆਂ ਦੇ ਨਾਲ-ਨਾਲ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ, ਜਿਨ੍ਹਾਂ ਵਿਚ ਕੇਵਲ ਦੁਮਾਲਾ ਸਜਾਉਣ ਦੇ ਮੁਕਾਬਲੇ ਹੋਣਗੇ। ਜੇਤੂ ਪ੍ਰਤੀਭਾਗੀਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਰਾਸ਼ਟਰੀ ਮੁਖੀ ਭਾਈ ਗੁਰਤੇਜ ਸਿੰਘ ਖਾਲਸਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੇ ਫਾਈਨਲ ਮੁਕਾਬਲੇ 25 ਜੁਲਾਈ 2026 ਨੂੰ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਸਮੇਤ ਹਰਿਆਣਾ, ਦਿੱਲੀ, ਉਤਰਾਖੰਡ, ਉੱਤਰਪ੍ਰਦੇਸ਼, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਰਾਸ਼ਟਰੀ ਪੱਧਰ ’ਤੇ 13 ਤੋਂ ਵਧੇਰੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਭਾਗ ਲੈਣਗੇ। ਇਸ ਮੌਕੇ ਮਾਸਟਰ ਕਰਮਜੀਤ ਸਿੰਘ ਜੋਗੀ ਜ਼ਿਲ੍ਹਾ ਪ੍ਰਧਾਨ ਗਤਕਾ ਫੈਡਰੇਸ਼ਨ ਫਤਹਿਗੜ੍ਹ ਸਾਹਿਬ, ਮਨਦੀਪ ਸਿੰਘ ਫਤਹਿਗੜ੍ਹ ਸਾਹਿਬ, ਦਲੀਪ ਸਿੰਘ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਐਡਵੋਕੇਟ ਗਗਨਦੀਪ ਸਿੰਘ ਗੁਰਾਇਆ, ਖੁਸ਼ਵਿੰਦਰ ਸਿੰਘ, ਗਿਆਨੀ ਰਣਜੀਤ ਸਿੰਘ, ਇੰਦਰਪਾਲ ਸਿੰਘ ਖਾਲਸਾ ਪ੍ਰਧਾਨ ਹਰਿਆਣਾ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ, ਅਮੋਲਕ ਸਿੰਘ ਪ੍ਰਧਾਨ ਦਿੱਲੀ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ, ਗੁਰਪ੍ਰੀਤ ਸਿੰਘ ਖਾਲਸਾ, ਸਤਪਾਲ ਸਿੰਘ ਬਾਗੀ, ਰਵਿੰਦਰਪਾਲ ਸਿੰਘ ਬੁੱਢਾ ਦਲ, ਚਰਨਜੀਤ ਸਿੰਘ, ਬਿਮਲ ਸਿੰਘ, ਰਜਿੰਦਰ ਸਿੰਘ ਰਾਗੀ, ਧਨਵੰਤ ਸਿੰਘ, ਵਿਕਰਮ ਸਿੰਘ, ਤਜਿੰਦਰ ਸਿੰਘ ਟਿੰਪਾ, ਪ੍ਰਭਜੋਤ ਸਿੰਘ, ਉਮਰਾਓ ਸਿੰਘ, ਅਮਰਜੀਤ ਸਿੰਘ, ਚਤਰ ਸਿੰਘ ਹੁਸੈਨਪੁਰਾ, ਸਤਵੀਰ ਸਿੰਘ ਹੁਸੈਨਪੁਰਾ ਅਤੇ ਕੁਲਵਿੰਦਰ ਸਿੰਘ ਬਹਿਰਾਮਪੁਰ ਮੌਜੂਦ ਸਨ।