ਢਾਬਾ ਫਾਇਰਿੰਗ ਤੇ ਫਿਰੌਤੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ : ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ
ਖੰਨਾ ਦੇ ਮਸ਼ਹੂਰ 'ਪ੍ਰੇਮ ਵੈਸ਼ਨੋ ਢਾਬਾ' 'ਤੇ ਹੋਈ ਫਾਇਰਿੰਗ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ, ਆਸਟ੍ਰੇਲੀਆ ਵਿੱਚ ਬੈਠੇ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Fri, 22 May 2026 02:20 PM (IST)
Updated Date: Fri, 22 May 2026 02:23 PM (IST)

ਦੀਪਕ ਸੂਦ, ਪੰਜਾਬੀ ਜਾਗਰਣ, ਫਤਿਹਗੜ੍ਹ ਸਾਹਿਬ। ਖੰਨਾ ਦੇ ਮਸ਼ਹੂਰ 'ਪ੍ਰੇਮ ਵੈਸ਼ਨੋ ਢਾਬਾ' 'ਤੇ ਹੋਈ ਫਾਇਰਿੰਗ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ, ਆਸਟ੍ਰੇਲੀਆ ਵਿੱਚ ਬੈਠੇ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਖੰਨਾ ਪੁਲਿਸ ਦੀ ਟੀਮ ਨੇ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਅਤੇ ਮਾਤਾ ਦਲਜੀਤ ਕੌਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਚੜ੍ਹੀ (ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ) ਤੋਂ ਹਿਰਾਸਤ ਵਿੱਚ ਲਿਆ। ਪੁਲਿਸ ਜਾਂਚ ਮੁਤਾਬਕ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ ਰਹਿ ਚੁੱਕਾ ਸ਼ਗਨਪ੍ਰੀਤ ਸਿੰਘ ਲੰਮੇ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਕੇ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਚਲਾ ਰਿਹਾ ਹੈ।
ਖੰਨਾ ਪੁਲਿਸ ਦਾ ਦਾਅਵਾ ਹੈ ਕਿ ਸ਼ਗਨਪ੍ਰੀਤ ਦੇ ਮਾਤਾ-ਪਿਤਾ ਲਗਾਤਾਰ ਉਸ ਦੇ ਸੰਪਰਕ ਵਿੱਚ ਸਨ। ਉਹ ਨਾ ਸਿਰਫ਼ ਆਪਣੇ ਪੁੱਤਰ ਨਾਲ ਜੁੜੇ ਹੋਏ ਸਨ, ਸਗੋਂ ਪੰਜਾਬ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਥਾਨਕ ਸ਼ੂਟਰਾਂ, ਉਨ੍ਹਾਂ ਦੇ ਮਦਦਗਾਰਾਂ ਅਤੇ ਗਿਰੋਹ ਦੇ ਹੋਰ ਮੈਂਬਰਾਂ ਨਾਲ ਵੀ ਲਗਾਤਾਰ ਤਾਲਮੇਲ ਬਣਾਈ ਬੈਠੇ ਸਨ।
ਜ਼ਿਕਰਯੋਗ ਹੈ ਕਿ 1 ਮਈ ਦੀ ਸਵੇਰ ਨੂੰ ਬਾਈਕ ਸਵਾਰ ਦੋ ਨਕਾਬਪੋਸ਼ ਸ਼ੂਟਰਾਂ ਨੇ 'ਪ੍ਰੇਮ ਵੈਸ਼ਨੋ ਢਾਬਾ' 'ਤੇ ਉਸ ਵੇਲੇ ਅੰਧਾਧੁੰਦ ਗੋਲੀਆਂ ਚਲਾਈਆਂ ਸਨ, ਜਦੋਂ ਢਾਬਾ ਮਾਲਕ ਨੇ 50 ਲੱਖ ਰੁਪਏ ਦੀ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਦੋ ਮੁੱਖ ਸ਼ੂਟਰਾਂ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਗਨਪ੍ਰੀਤ ਦੇ ਮਾਤਾ-ਪਿਤਾ ਕੋਲੋਂ ਪੁੱਛਗਿੱਛ ਦੌਰਾਨ ਇਸ ਅੰਤਰਰਾਸ਼ਟਰੀ ਫਿਰੌਤੀ ਰੈਕੇਟ ਅਤੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਲੈ ਕੇ ਕਈ ਹੋਰ ਹੈਰਾਨੀਜਨਕ ਖੁਲਾਸੇ ਹੋਣ ਦੀ ਉਮੀਦ ਹੈ।