ਨਸ਼ਾ ਤਸਕਰੀ ’ਤੇ ਅਦਾਲਤ ਦਾ ਵੱਡਾ ਫੈਸਲਾ: 12,000 ਲੋਮੋਟਿਲ ਗੋਲੀਆਂ ਸਮੇਤ ਫੜੇ ਗਏ ਵਿਅਕਤੀ ਨੂੰ 12 ਸਾਲ ਦੀ ਕੈਦ
ਕਰੀਬ ਚਾਰ ਸਾਲ ਪਹਿਲਾਂ ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਅਮਲੋਹ ਨਜ਼ਦੀਕ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਬਾਰਾਂ ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤੇ ਗਏ ਇੱਕ 44 ਸਾਲਾ ਵਿਅਕਤੀ ਨੂੰ ਸਥਾਨਕ ਅਦਾਲਤ ਵੱਲੋਂ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਹੈ।
Publish Date: Mon, 20 Apr 2026 03:58 PM (IST)
Updated Date: Mon, 20 Apr 2026 04:01 PM (IST)
ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ। ਕਰੀਬ ਚਾਰ ਸਾਲ ਪਹਿਲਾਂ ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਅਮਲੋਹ ਨਜ਼ਦੀਕ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਬਾਰਾਂ ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤੇ ਗਏ ਇੱਕ 44 ਸਾਲਾ ਵਿਅਕਤੀ ਨੂੰ ਸਥਾਨਕ ਅਦਾਲਤ ਵੱਲੋਂ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਹੈ।
ਜ਼ਿਕਰਯੋਗ ਹੈ ਕਿ 19/7/22 ਨੂੰ ਪੁਲ ਸੂਆ ਅੰਨੀਆਂ ਨਜ਼ਦੀਕ ਚੈਕਿੰਗ ਲਈ ਮੌਜੂਦ ਸੀ.ਆਈ.ਏ. ਸਟਾਫ਼ ਸਰਹਿੰਦ ਦੀ ਇੱਕ ਟੀਮ, ਜਿਸ ਦੀ ਅਗਵਾਈ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਕਰ ਰਹੇ ਹਨ। ਉਨ੍ਹਾਂ ਵੱਲੋਂ ਸ਼ੱਕ ਦੇ ਆਧਾਰ ’ਤੇ ਐਕਟਿਵਾ ਸਕੂਟਰ ’ਤੇ ਆ ਰਹੇ ਜਨਕ ਰਾਜ ਵਾਸੀ ਪਿੰਡ ਪੋਪਨਾ(ਮੋਹਾਲੀ) ਨੂੰ ਕਾਬੂ ਕਰਕੇ ਮੌਕੇ ’ਤੇ ਸੱਦੀ ਥਾਣਾ ਅਮਲੋਹ ਦੀ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਉਪਰੰਤ ਡੀ.ਐੱਸ.ਪੀ. ਜੰਗਜੀਤ ਸਿੰਘ ਨੇ ਜਦੋਂ ਜਨਕ ਰਾਜ ਦੇ ਕਬਜ਼ੇ ਵਾਲੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 12,000 ਪਾਬੰਦੀਸ਼ੁਦਾ ਲੋਮੋਟਿਲ ਗੋਲੀਆਂ ਬਰਾਮਦ ਹੋਈਆਂ।
ਜਿਸ ’ਤੇ ਇਸ ਸਬੰਧੀ ਥਾਣਾ ਅਮਲੋਹ ਵਿਖੇ ਅ/ਧ 22(ਸੀ)/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕਰਵਾਏ ਗਏ ਮੁਕੱਦਮੇ ਵਿੱਚ ਜਨਕ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਅਧਾਰ ’ਤੇ ਇਸ ਮੁਕੱਦਮੇ ਵਿੱਚ ਸਹਾਰਨਪੁਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਸੁਨੀਲ ਉਰਫ ਅਸ਼ੀਸ਼ ਵਿਸ਼ਕਰਮਾ ਅਤੇ ਭਗਵਾਨ ਉਰਫ਼ ਮਨਜੀਤ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਗਿਆ।
ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ’ਤੇ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਜਨਕ ਰਾਜ ਨੂੰ ਮਾਮਲੇ ਵਿੱਚ ਅ/ਧ 22(ਸੀ) ਐੱਨ.ਡੀ.ਪੀ.ਐੱਸ. ਐਕਟ ਤਹਿਤ ਦੋਸ਼ੀ ਮੰਨਦੇ ਹੋਏ 12 ਸਾਲ ਕੈਦ ਬਾਮੁਸ਼ੱਕਤ ਅਤੇ 1,00,000/- ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।ਜਦੋਂ ਕਿ ਇਸੇ ਕੇਸ ਵਿੱਚ ਨਾਮਜ਼ਦ ਸੁਨੀਲ ਉਰਫ ਅਸ਼ੀਸ਼ ਵਿਸ਼ਕਰਮਾ ਅਤੇ ਭਗਵਾਨ ਉਰਫ਼ ਮਨਜੀਤ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ।