"ਨਿਸਚੈ ਕਰ ਅਪਨੀ ਜੀਤ ਕਰੋਂ" ਦੀ ਦੁਰਵਰਤੋਂ ਦਾ ਮੁੱਦਾ, ਕਰੌਕਰੀ 'ਤੇ ਲਿਖੇ ਗੁਰਬਾਣੀ ਦੇ ਸ਼ਬਦਾਂ ਵਿਰੁੱਧ SGPC ਨੂੰ ਸੌਂਪਿਆ ਪੱਤਰ
ਧਾਰਮਿਕ ਭਾਵਨਾਵਾਂ ਦਾ ਹਵਾਲਾ ਦਿੰਦੇ ਹੋਏ ਬਰਖ਼ਾਸਤ ਸਿਪਾਹੀ ਨੇ SGPC ਪ੍ਰਧਾਨ ਨੂੰ ਆਪਣਾ ਮੰਗ ਪੱਤਰ ਸੌਂਪਿਆ। ਇਸ ਮਾਮਲੇ 'ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖਿਆ ਜਾਵੇਗਾ।
Publish Date: Mon, 02 Feb 2026 02:04 PM (IST)
Updated Date: Mon, 02 Feb 2026 02:08 PM (IST)
ਦੀਪਕ ਸੂਦ, ਫ਼ਤਹਿਗੜ੍ਹ ਸਾਹਿਬ : ਬਰਤਨਾਂ 'ਤੇ ਲਿਖੇ ਸਿੱਖ ਰੈਜੀਮੈਂਟ ਦੇ ਆਦਰਸ਼ ਵਾਕ (Motto) ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਸ੍ਰੀ ਅਕਾਲ ਤਖ਼ਤ ਸਾਹਿਬ ਤਕ ਪਹੁੰਚ ਕਰੇਗੀ। ਸਿੱਖ ਰੈਜੀਮੈਂਟ ਦੇ ਇਕ ਬਰਖ਼ਾਸਤ ਸਿਪਾਹੀ ਨੇ ਇਸ ਮੁੱਦੇ ਨੂੰ ਲੈ ਕੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਕ ਬੇਨਤੀ-ਪੱਤਰ ਸੌਂਪਿਆ ਹੈ ਜਿਸ 'ਤੇ SGPC ਪ੍ਰਧਾਨ ਨੇ ਇਹ ਵਿਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਰੱਖਣ ਦੀ ਗੱਲ ਆਖੀ ਹੈ।
ਖਮਾਣੋਂ ਤਹਿਸੀਲ ਦੇ ਪਿੰਡ ਕੋਟਲਾ ਬਡਲਾ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਆਏ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਗਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਿੱਖ ਰੈਜੀਮੈਂਟ ਦਾ ਬਰਖ਼ਾਸਤ ਸਿਪਾਹੀ ਹੈ। ਉਸਦੀ ਯੂਨਿਟ '3 ਸਿੱਖ' ਸੀ ਅਤੇ ਰੈਜੀਮੈਂਟ ਦਾ ਸੈਂਟਰ ਰਾਮਗੜ੍ਹ (ਰਾਂਚੀ) ਵਿਖੇ ਹੈ। ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਰੈਜੀਮੈਂਟ ਦਾ ਆਦਰਸ਼ ਵਾਕ "ਨਿਸਚੈ ਕਰ ਅਪਨੀ ਜੀਤ ਕਰੋਂ" ਦਸਮ ਗ੍ਰੰਥ ਵਿੱਚੋਂ ਲਿਆ ਗਿਆ ਹੈ।
ਜਗਵਿੰਦਰ ਸਿੰਘ ਅਨੁਸਾਰ, ਇਸ ਪਵਿੱਤਰ ਆਦਰਸ਼ ਵਾਕ ਨੂੰ ਰੈਜੀਮੈਂਟ 'ਚ ਵਰਤੀ ਜਾਣ ਵਾਲੀ ਕਰੌਕਰੀ (ਬਰਤਨਾਂ) 'ਤੇ ਲਿਖਿਆ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸੇ ਕਰੌਕਰੀ 'ਚ ਮਾਸਾਹਾਰੀ ਭੋਜਨ ਅਤੇ ਸ਼ਰਾਬ ਵੀ ਪਰੋਸੀ ਜਾਂਦੀ ਹੈ। ਜਗਵਿੰਦਰ ਸਿੰਘ ਨੇ ਇਸ ਤੋਂ ਇਲਾਵਾ ਰੈਜੀਮੈਂਟ ਦੀਆਂ ਕੁਝ ਹੋਰ ਪਰੰਪਰਾਵਾਂ 'ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੈਜੀਮੈਂਟ ਵਿੱਚ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਗਿਆ ਸੀ।
ਸੋਸ਼ਲ ਮੀਡੀਆ 'ਤੇ ਮੁੱਦਾ ਚੁੱਕਣ 'ਤੇ ਹੋਈ ਬਰਖ਼ਾਸਤਗੀ
ਜਗਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਫ਼ੌਜੀ ਸੇਵਾ 'ਚ ਰਹਿੰਦਿਆਂ ਹੀ ਇੰਟਰਨੈੱਟ ਮੀਡੀਆ 'ਤੇ ਇਸ ਮੁੱਦੇ ਨੂੰ ਉਠਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਧਾਰਮਿਕ ਭਾਵਨਾਵਾਂ ਦਾ ਹਵਾਲਾ ਦਿੰਦੇ ਹੋਏ ਬਰਖ਼ਾਸਤ ਸਿਪਾਹੀ ਨੇ SGPC ਪ੍ਰਧਾਨ ਨੂੰ ਆਪਣਾ ਮੰਗ ਪੱਤਰ ਸੌਂਪਿਆ। ਇਸ ਮਾਮਲੇ 'ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖਿਆ ਜਾਵੇਗਾ। ਜਥੇਦਾਰ ਧਾਮੀ ਨੇ ਇਸ 'ਤੇ ਸਿੱਧੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ ਵਿਚਾਰ ਕਰਕੇ ਯੋਗ ਕਦਮ ਚੁੱਕਿਆ ਜਾਵੇਗਾ।