ਸਫ਼ਾਈ ਸੇਵਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫੈਲ ਸਕਦੀ ਹੈ ਭਿਅੰਕਰ ਬਿਮਾਰੀ : ਰਾਜੂ ਖੰਨਾ
ਸਫ਼ਾਈ ਸੇਵਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫੈਲ ਸਕਦੀ ਹੈ ਭਿਅੰਕਰ ਬਿਮਾਰੀ : ਰਾਜੂ ਖੰਨਾ
Publish Date: Tue, 19 May 2026 05:42 PM (IST)
Updated Date: Tue, 19 May 2026 05:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਜੇਕਰ ‘ਆਪ’ ਸਰਕਾਰ ਜਲਦ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਦੇ ਕੱਚੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨ ਕੇ ਨੋਟੀਫਿਕੇਸ਼ਨ ਜਾਰੀ ਕਰ ਦੇਵੇ ਤਾਂ ਦੋਵਾਂ ਸ਼ਹਿਰਾਂ ਦੇ ਵਾਸੀਆਂ ਨੂੰ ਭਿਅੰਕਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਸ਼ਹਿਰ ਅੰਦਰ ਪਿਛਲੇ 10 ਦਿਨਾਂ ਤੋਂ ਸਫ਼ਾਈ ਨਾ ਹੋਣ ਕਾਰਨ ਵੱਖ-ਵੱਖ ਥਾਵਾਂ ’ਤੇ ਲੱਗੇ ਕੂੜੇ ਦੇ ਢੇਰਾਂ ਨੂੰ ਪੱਤਰਕਾਰਾਂ ਨੂੰ ਦਿਖਾਉਣ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਸਫ਼ਾਈ ਸੇਵਕਾਂ ਨਾਲ ਖੜ੍ਹਨ ਦਾ ਸਮਾਂ ਹੈ ਕਿਉਂਕਿ ਇਹ ਉਹ ਸੇਵਾਦਾਰ ਹਨ ਜੋ ਸਵੱਖਤੇ ਹੀ ਸ਼ਹਿਰ ਦੀ ਸੇਵਾ ਵਿਚ ਜੁੱਟ ਜਾਂਦੇ ਹਨ। ਜਦੋਂ ਅਸੀਂ ਜਾਗਦੇ ਹਾਂ, ਉਦੋਂ ਸ਼ਹਿਰ ਦੀ ਸਫ਼ਾਈ ਹੋ ਚੁੱਕੀ ਹੋਵੇਗੀ ਪਰ ਅੱਜ ਇਨ੍ਹਾਂ ਨੂੰ 20-20 ਸਾਲ ਕੱਚੇ ਕਾਮਿਆਂ ਦੇ ਤੌਰ ’ਤੇ ਕੰਮ ਕਰਨਾ ਪੈ ਰਿਹਾ ਹੈ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਲਈ ਨੋਟੀਫਿਕੇਸ਼ਨ ਵੀ ਕਰ ਦਿੱਤਾ ਗਿਆ ਸੀ, ਜੋ ਸਰਕਾਰ ਬਦਲਣ ਕਾਰਨ ਵਿਚਕਾਰ ਹੀ ਰਹਿ ਗਿਆ। ਉਨ੍ਹਾਂ ਸਫ਼ਾਈ ਸੇਵਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਪਹਿਲ ਦੇ ਆਧਾਰ ’ਤੇ ਇਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਵਾ ਕੇ ਪੱਕੇ ਕਰਮਚਾਰੀ ਕਰਵਾਇਆ ਜਾਵੇਗਾ। ਉਨ੍ਹਾਂ ‘ਆਪ’ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਭਾਵੇਂ ਨਗਰ ਕੌਂਸਲਾਂ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਪਿਛਲੇ 10 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ ਕੀਤੀ ਹੋਈ ਹੈ, ਪਰ ਅੱਜ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਨ੍ਹਾਂ ਦੀ ਸਾਰ ਲੈਣ ਜਾਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਨਹੀਂ ਪੁੱਜਾ। ਇਸ ਤੋਂ ਜਾਪਦਾ ਹੈ ਕਿ ਭਗਵੰਤ ਮਾਨ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ। ਅੱਜ ਸ਼ਹਿਰਾਂ ਦੀ ਸਫ਼ਾਈ ਨਾ ਹੋਣ ਕਾਰਨ ਫੈਲੀ ਬਦਬੂ ਨੇ ਹਾਲਾਤ ਬਦ ਤੋਂ ਬੱਤਰ ਕਰ ਦਿੱਤੇ ਹਨ। ਰਾਜੂ ਖੰਨਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਮਸਲਾ ਹੱਲ ਕਰਵਾਉਣ, ਨਹੀਂ ਤਾਂ ਸ਼ਹਿਰਾਂ ਵਿੱਚ ਭਿਅੰਕਰ ਬਿਮਾਰੀਆਂ ਫੈਲਣਗੀਆਂ, ਜਿਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ।