- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਿਰ ਵਿੱਚ ਵਹਿੰਦੇ ਹੋਏ ਕੁਝ ਦੂਰੀ 'ਤੇ ਪਹੁੰਚ ਕੇ ਉਸਨੂੰ ਹੋਸ਼ ਆ ਗਈ ਅਤੇ ਉਸਨੇ ਬਚਾਓ-ਬਚਾਓ ਦਾ ਰੌਲਾ ਪਾਇਆ। ਪਿੰਡ ਸੌਂਢਾ ਹੈੱਡ ਨਹਿਰ ਦੀ ਪਟੜੀ 'ਤੇ ਮੌਜੂਦ ਲੋਕਾਂ ਨੇ ਉਸਨੂੰ ਨਹਿਰ ਵਿੱਚੋਂ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜ ਦਿੱਤਾ।

ਦੀਪਕ ਸੂਦ, ਫ਼ਤਹਿਗੜ੍ਹ ਸਾਹਿਬ: ਪਤਨੀ ਦਾ ਗਲਾ ਘੁੱਟ ਕੇ ਬੇਹੋਸ਼ ਕਰਕੇ ਉਸਨੂੰ ਮਾਰਨ ਦੀ ਨੀਅਤ ਨਾਲ ਸੁੱਟਣ ਵਾਲੇ ਪਤੀ ਨੂੰ ਥਾਣਾ ਸਰਹਿੰਦ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਨਹਿਰ ਵਿੱਚ ਡਿੱਗੀ ਪਤਨੀ ਦੇ ਹੋਸ਼ ਵਿੱਚ ਆਉਣ ਅਤੇ ਉਸ ਦੇ ਬਚਾਓ ਲਈ ਚੀਕਣ ਦੀ ਆਵਾਜ਼ ਸੁਣ ਕੇ ਨਹਿਰ ਦੀ ਪਟੜੀ 'ਤੇ ਘੁੰਮ ਰਹੇ ਲੋਕਾਂ ਨੇ ਉਸਨੂੰ ਜ਼ਿੰਦਾ ਨਹਿਰ ਵਿੱਚੋਂ ਬਾਹਰ ਕੱਢ ਲਿਆ। ਉਹ ਇਸ ਵੇਲੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿੱਚ ਜ਼ੇਰੇ ਇਲਾਜ ਹੈ।
ਜਾਣਕਾਰੀ ਦਿੰਦਿਆਂ ਏਐੱਸਆਈ ਜਸਮੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਮਹਿਲਾ ਪਰਵਿੰਦਰ ਕੌਰ ਨਿਵਾਸੀ ਪਿੰਡ ਦਨਘੇੜੀ (ਥਾਣਾ ਅਮਲੋਹ) ਨੇ ਦੱਸਿਆ ਕਿ ਉਸਦਾ ਵਿਆਹ ਪਹਿਲਾਂ 2007 ਵਿੱਚ ਹੇਮਰਾਜ ਨਿਵਾਸੀ ਪਿੰਡ ਲਿੱਦੜਾਂ ਨਾਲ ਹੋਇਆ ਸੀ, ਪਰ ਬਾਅਦ ਵਿੱਚ ਹੇਮਰਾਜ ਦੀ ਕੁੱਟਮਾਰ ਤੋਂ ਤੰਗ ਆ ਕੇ 2019 ਵਿੱਚ ਉਸਦਾ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਉਹ ਆਪਣੇ ਪੇਕੇ ਰਹਿਣ ਲੱਗੀ, ਜਿੱਥੇ ਉਹ ਬਲਵਿੰਦਰ ਸਿੰਘ ਦੇ ਸੰਪਰਕ ਵਿੱਚ ਆਈ ਅਤੇ ਉਸ ਨਾਲ 'ਲਿਵ-ਇਨ ਰਿਲੇਸ਼ਨ' ਵਿੱਚ ਸੀ।
ਦੱਸਿਆ ਗਿਆ ਕਿ ਬਲਵਿੰਦਰ ਸਿੰਘ ਵੱਲੋਂ ਵਿਆਹ ਨਾ ਕਰਵਾਉਣ 'ਤੇ ਉਸ ਨੇ ਫ਼ਤਹਿਗੜ੍ਹ ਸਾਹਿਬ ਵਿੱਚ ਕੇਸ ਦਰਜ ਕਰਵਾਇਆ ਸੀ ਅਤੇ ਅਦਾਲਤ ਵਿੱਚ ਬਲਵਿੰਦਰ ਨੇ ਉਸ ਨਾਲ ਵਿਆਹ ਕਰਨ ਦਾ ਭਰੋਸਾ ਦੇ ਕੇ ਕੇਸ ਰੱਦ ਕਰਵਾ ਦਿੱਤਾ ਸੀ। ਜਿਸ ਤੋਂ ਬਾਅਦ ਸਾਲ 2024 ਵਿੱਚ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦੇ ਅਨੰਦ ਕਾਰਜ ਹੋਏ ਸਨ ਅਤੇ ਬਾਅਦ ਵਿੱਚ ਉਹ ਪਤੀ-ਪਤਨੀ ਵਜੋਂ ਰਹਿਣ ਲੱਗੇ ਸਨ।
ਮਹਿਲਾ ਨੇ ਦੱਸਿਆ ਕਿ 7 ਅਪ੍ਰੈਲ ਨੂੰ ਬਲਵਿੰਦਰ ਉਸਨੂੰ ਪੇਕਿਆਂ ਤੋਂ ਲੈ ਕੇ ਜਾਂਦੇ ਹੋਏ ਕਹਿਣ ਲੱਗਾ ਕਿ ਉਹ ਲੁਧਿਆਣਾ ਵਿੱਚ ਜਿਸ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ, ਹੁਣ ਉਸੇ ਘਰ ਵਿੱਚ ਰਹਿਣਗੇ। ਲੁਧਿਆਣਾ ਵੱਲ ਜਾਣ ਦੌਰਾਨ ਕਾਰ ਵਿੱਚ ਉਸ ਨੇ ਕਿਹਾ ਕਿ ਉਹ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣਗੇ, ਪਰ ਬਾਅਦ ਵਿੱਚ ਕਿਹਾ ਕਿ ਪਹਿਲਾਂ ਨਹਿਰ 'ਤੇ ਮੱਥਾ ਟੇਕ ਲੈਂਦੇ ਹਾਂ। ਬਲਵਿੰਦਰ ਨੇ 10 ਰੁਪਏ ਦੇ ਚੌਲ ਲਏ ਅਤੇ ਕਾਰ ਨੂੰ ਫਲੋਟਿੰਗ ਹੋਟਲ ਤੋਂ ਭਾਖੜਾ ਨਹਿਰ ਦੀ ਪਟੜੀ 'ਤੇ ਪਾ ਦਿੱਤਾ। ਰਸਤੇ ਵਿੱਚ ਪਤੀ ਨੇ ਉਸਨੂੰ ਨਹਿਰ ਵਿੱਚ ਚੌਲ ਪਾਉਣ ਲਈ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ, ਪਰ ਜਦੋਂ ਉਸਨੇ ਮਨ੍ਹਾ ਕੀਤਾ ਤਾਂ ਉਸਨੂੰ ਜ਼ਬਰਦਸਤੀ ਕਾਰ ਵਿੱਚੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਉਸਨੇ ਉਸਦੇ ਗਲੇ ਵਿੱਚ ਪਾਈ ਚੁੰਨੀ ਨਾਲ ਉਸਦਾ ਗਲਾ ਘੁੱਟ ਦਿੱਤਾ ਅਤੇ ਮਰੀ ਹੋਈ ਸਮਝ ਕੇ ਉਸਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ।
ਨਹਿਰ ਵਿੱਚ ਵਹਿੰਦੇ ਹੋਏ ਕੁਝ ਦੂਰੀ 'ਤੇ ਪਹੁੰਚ ਕੇ ਉਸਨੂੰ ਹੋਸ਼ ਆ ਗਈ ਅਤੇ ਉਸਨੇ ਬਚਾਓ-ਬਚਾਓ ਦਾ ਰੌਲਾ ਪਾਇਆ। ਪਿੰਡ ਸੌਂਢਾ ਹੈੱਡ ਨਹਿਰ ਦੀ ਪਟੜੀ 'ਤੇ ਮੌਜੂਦ ਲੋਕਾਂ ਨੇ ਉਸਨੂੰ ਨਹਿਰ ਵਿੱਚੋਂ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜ ਦਿੱਤਾ। ਏ.ਐੱਸ.ਆਈ. ਨੇ ਦੱਸਿਆ ਕਿ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਬਲਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਨਹਿਰ ਵਿੱਚ ਧੱਕਾ ਕਿਉਂ ਦਿੱਤਾ ਸੀ।