ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਐਚਪੀਵੀ ਟੀਕਾਕਰਨ ਜ਼ਰੂਰੀ : ਡਾ. ਨਵਦੀਪ
ਮੁਢਲਾ ਸਿਹਤ ਕੇਂਦਰ ਨੰਦਪੁਰ ਵਿਖੇ ਐੱਸਐੱਮਓ ਡਾ. ਨਵਦੀਪ ਕੌਰ ਦੀ ਅਗਵਾਈ ਹੇਠ ਐੱਚਪੀਵੀ ਟੀਕਾਕਰਨ ਸਬੰਧੀ ਮੀਟਿੰਗ ਕੀਤੀ ਗਈ।
Publish Date: Wed, 27 May 2026 06:10 PM (IST)
Updated Date: Wed, 27 May 2026 06:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਮੁਢਲਾ ਸਿਹਤ ਕੇਂਦਰ ਨੰਦਪੁਰ ਵਿਖੇ ਐੱਸਐੱਮਓ ਡਾ. ਨਵਦੀਪ ਕੌਰ ਦੀ ਅਗਵਾਈ ਹੇਠ ਐੱਚਪੀਵੀ ਟੀਕਾਕਰਨ ਸਬੰਧੀ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਕੈਂਸਰ ਨੂੰ ਰੋਕਣ ਲਈ ਐੱਚਪੀਵੀ ਟੀਕਾਕਰਨ ਬਹੁਤ ਜ਼ਰੂਰੀ ਹੈ। ਡਾ. ਨਵਦੀਪ ਨੇ ਕਿਹਾ ਕਿ 14 ਤੋਂ 15 ਸਾਲ ਤੱਕ ਦੀਆਂ ਲੜਕੀਆਂ ਨੂੰ ਇਹ ਟੀਕਾ ਸਰਕਾਰੀ ਸੰਸਥਾਵਾਂ ’ਚ ਮੁਫ਼ਤ ਲਗਾਇਆ ਜਾਂਦਾ ਹੈ ਜਦੋਂ ਕਿ ਨਿੱਜੀ ਹਸਪਤਾਲਾਂ ’ਚ ਮਹਿੰਗੀ ਫੀਸ ਨਾਲ ਲਗਾਇਆ ਜਾਂਦਾ ਹੈ। ਇਹ ਟੀਕਾਕਰਨ ਲੜਕੀਆਂ ਨੂੰ ਭਵਿੱਖ ’ਚ ਹੋਣ ਵਾਲੇ ਬੱਚੇਦਾਨੀ ਦੇ ਕੈਂਸਰ ਦੇ ਖਤਰੇ ਤੋਂ ਸੁਰੱਖਿਅਤ ਰੱਖਦਾ ਹੈ। ਉਨ੍ਹਾਂ ਜਿੱਥੇ ਸਟਾਫ਼ ਨੂੰ ਸਿਹਤ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਬਾਰੇ ਜਾਣੂ ਕਰਵਾਇਆ, ਉਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਚਪੀਵੀ ਟੀਕਾਕਰਨ ਸਬੰਧੀ ਅਫਵਾਹਾਂ ਤੋਂ ਬਚਣ ਅਤੇ ਆਪਣੀਆਂ ਬੱਚੀਆਂ ਦੀ ਸੁਰੱਖਿਆ ਲਈ ਇਹ ਟੀਕਾ ਜ਼ਰੂਰ ਲਗਵਾਉਣ।