ਨਾਇਬ ਸੈਣੀ ਨੇ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ, ਲੋਕਾਂ ਦਾ ਵਿਸ਼ਵਾਸ ਤੋੜਨ ਦੇ ਲਾਏ ਦੋਸ਼
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਨਾਲ ਮੀਟਿੰਗ, ਮੁਸ਼ਕਲਾਂ ਹੱਲ ਕਰਨ ਦਾ ਭਰੋਸਾ
Publish Date: Fri, 01 May 2026 08:09 PM (IST)
Updated Date: Fri, 01 May 2026 08:11 PM (IST)

ਫ਼ੋਟੋ ਫ਼ਾਈਲ : 25 -ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਉਦਯੋਗਪਤੀ। ਪੰਜਾਬੀ ਜਾਗਰਣ ਰਿਪੋਰਟਰ, ਮੰਡੀ ਗੋਬਿੰਦਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਡੀ ਗੋਬਿੰਦਗੜ੍ਹ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਮੌਜੂਦਾ ਸਰਕਾਰ ’ਤੇ ਵਿਸ਼ਵਾਸ ਪ੍ਰਗਟਾਇਆ ਸੀ, ਪਰ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਲੋਕਾਂ ਦਾ ਉਹ ਭਰੋਸਾ ਤੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੱਡੇ-ਵੱਡੇ ਵਾਅਦੇ ਤੇ ਸੁਫ਼ਨੇ ਪੰਜਾਬ ਦੇ ਲੋਕਾਂ ਨੂੰ ਦਿਖਾਏ ਗਏ ਸਨ, ਉਹ ਸਿਰਫ਼ ਕਾਗਜ਼ੀ ਹੀ ਸਾਬਤ ਹੋਏ ਹਨ। ਨਾਇਬ ਸਿੰਘ ਸੈਣੀ ਇੱਥੇ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਨਾਲ ਇਕ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਇਸ ਮੌਕੇ ਉਨ੍ਹਾਂ ਨਾਲ ਹਰਿਆਣਾ ਦੇ ਸਾਬਕਾ ਮੰਤਰੀ ਅਸੀਮ ਗੋਇਲ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਜ਼ਿਲ੍ਹਾ ਭਾਜਪਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਤੇ ਸੀਨੀਅਰ ਭਾਜਪਾ ਆਗੂ ਪ੍ਰਦੀਪ ਗਰਗ ਵੀ ਮੌਜੂਦ ਸਨ। ਸੈਣੀ ਨੇ ਵਿਧਾਨ ਸਭਾ ਦੀ ਕਾਰਵਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਨੂੰ ਮੁੱਖ ਮੰਤਰੀ ਦੇ ਮੈਡੀਕਲ ਟੈਸਟ ਦੀ ਮੰਗ ਕਰਨੀ ਪਈ, ਜਿਸ ਤੋਂ ਸਪੱਸ਼ਟ ਹੈ ਕਿ ਜਨਤਾ ਦਾ ਵਿਸ਼ਵਾਸ ਮੌਜੂਦਾ ਸਰਕਾਰ ਤੋਂ ਉੱਠ ਚੁੱਕਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਜਿਹੜੀ ਸਰਕਾਰ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੋਵੇ, ਉਸ ਕੋਲੋਂ ਕਿਸੇ ਚੰਗੇ ਕੰਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਉਦਯੋਗਪਤੀਆਂ ਨੇ ਜੀਐਸਟੀ ਦੀਆਂ ਖ਼ਾਮੀਆਂ, ਕੋਲੇ ਦਾ ਕੋਟਾ ਘੱਟ ਹੋਣ ਅਤੇ ਸ਼ਹਿਰ ’ਚ ਐਲੀਵੇਟਿਡ ਪੁਲ ਨਾ ਹੋਣ ਵਰਗੀਆਂ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਸੈਣੀ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮੰਗਾਂ ਨੂੰ ਕੇਂਦਰ ਸਰਕਾਰ ਤੋਂ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਹੀ ਨਿਵੇਸ਼ ਅਤੇ ਵਿਕਾਸ ਦਾ ਅਸਲ ਰਸਤਾ ਹੈ। ਉਦਯੋਗਪਤੀ ਮਹਿੰਦਰ ਗੁਪਤਾ ਨੇ ਕਿਹਾ ਕਿ 2017 ਤੋਂ ਜੀਐਸਟੀ ਲਾਗੂ ਹੋਣ ਦੇ ਬਾਵਜੂਦ ਵਪਾਰੀ ਅਜੇ ਤੱਕ ਇਸ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਬਾਹਰੋਂ ਸਕ੍ਰੈਪ ਆਉਂਦਾ ਹੈ, ਜਿਸ ’ਤੇ ਮੰਡੀ ਗੋਬਿੰਦਗੜ੍ਹ ਦਾ ਵਪਾਰੀ ਤਾਂ ਜੀਐਸਟੀ ਭਰਦਾ ਹੈ ਪਰ ਬਾਹਰੀ ਸੂਬਿਆਂ ਦੇ ਵਪਾਰੀ ਅਜਿਹਾ ਨਹੀਂ ਕਰਦੇ, ਜਿਸ ਦਾ ਨੁਕਸਾਨ ਸਥਾਨਕ ਵਪਾਰੀਆਂ ਨੂੰ ਝੱਲਣਾ ਪੈਂਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜੀਐਸਟੀ ਦੀ ਵਸੂਲੀ ਪਹਿਲੇ ਬਿੱਲ ਕੱਟਣ ਵਾਲੀ ਥਾਂ ਤੋਂ ਹੀ ਕੀਤੀ ਜਾਵੇ ਤਾਂ ਜੋ ਟੈਕਸ ਚੋਰੀ ਰੁਕ ਸਕੇ ਅਤੇ ਸਰਕਾਰ ਦਾ ਮਾਲੀਆ 2 ਲੱਖ ਕਰੋੜ ਤੱਕ ਵੱਧ ਸਕੇ। ਇਸੇ ਤਰ੍ਹਾਂ ਉਦਯੋਗਪਤੀ ਵਿਨੋਦ ਵਸ਼ਿਸ਼ਟ ਨੇ ਸਿੰਗਲ ਫਿਊਲ ਪਾਲਿਸੀ ’ਤੇ ਸਵਾਲ ਉਠਾਉਂਦਿਆਂ ਮੰਗ ਕੀਤੀ ਕਿ ਦੇਸ਼ ਦੇ ਹੋਰਨਾਂ 24 ਸਟੀਲ ਕਲੱਸਟਰਾਂ ਵਾਂਗ ਮੰਡੀ ਗੋਬਿੰਦਗੜ੍ਹ ’ਚ ਵੀ ਕੋਲੇ ਦਾ ਕੋਟਾ ਵਧਾਇਆ ਜਾਵੇ। ਉਦਯੋਗਪਤੀਆਂ ਨੇ ਨੈਸ਼ਨਲ ਹਾਈਵੇ ਤੋਂ ਸ਼ਹਿਰ ’ਚ ਆਉਣ ਲਈ ਨਵੇਂ ਰਸਤੇ ਅਤੇ ਐਲੀਵੇਟਿਡ ਪੁਲ ਦੀ ਮੰਗ ਵੀ ਕੀਤੀ। ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਉਦਯੋਗਪਤੀਆਂ ਦੀਆਂ ਮੰਗਾਂ ਨੂੰ ਜੀਐਸਟੀ ਕੌਂਸਲ ਦੀ ਅਗਲੀ ਬੈਠਕ ’ਚ ਉਠਾਇਆ ਜਾਵੇਗਾ। ਇਸ ਤੋਂ ਇਲਾਵਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਪਦੰਡਾਂ ਅਨੁਸਾਰ ਫਿਊਲ ਪਾਲਿਸੀ ’ਚ ਛੋਟ ਦਿਵਾਉਣ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾਲ ਗੱਲ ਕਰਕੇ ਐਲੀਵੇਟਿਡ ਪੁਲ ਤੇ ਹਾਈਵੇ ਕੱਟ ਉਪਲਬਧ ਕਰਵਾਉਣ ਦਾ ਯਤਨ ਕਰਨਗੇ। ਮੁੱਖ ਮੰਤਰੀ ਸੈਣੀ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਹਰਿਆਣਾ ਦੇ ਲੋਕ ਡਬਲ ਇੰਜਣ ਸਰਕਾਰ ਸਦਕਾ ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਲੈ ਰਹੇ ਹਨ ਅਤੇ ਅੱਜ ਹਰਿਆਣਾ ਨਿਵੇਸ਼ ਦਾ ਹੱਬ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਨੀਤੀਆਂ ’ਚ ਨੁਕਸ ਕੱਢ ਕੇ ਜਨਤਾ ਨੂੰ ਧੋਖਾ ਦੇ ਰਹੀ ਹੈ। ਇਸ ਮੌਕੇ ਬੈਠਕ ’ਚ ਜ਼ਿਲ੍ਹਾ ਭਾਜਪਾ ਪ੍ਰਧਾਨ ਦੀਦਾਰ ਸਿੰਘ ਭੱਟੀ, ਗੇਜਾ ਰਾਮ ਬਾਲਮੀਕੀ, ਪ੍ਰਦੀਪ ਗਰਗ, ਦੇਵੀ ਦਿਆਲ ਪਰਾਸ਼ਰ, ਜਗਦੀਪ ਸਿੰਘ ਚੀਮਾ, ਕੰਵਰਵੀਰ ਸਿੰਘ ਟੋਹੜਾ, ਸੰਦੀਪ ਸਿੰਘ ਬੱਲ, ਕੁਲਦੀਪ ਸਹੋਤਾ ਅਤੇ ਹਰੀਸ਼ ਅਗਰਵਾਲ, ਸੁਭਾਸ਼ ਸਿੰਗਲਾ, ਦੇਵੀ ਦਿਆਲ ਪਰਾਸ਼ਰ, ਐਸਪੀ ਸ਼ਰਮਾ, ਰਾਕੇਸ਼ ਗੁਪਤਾ ਮੈਂਬਰ ਐੱਮਐੱਸਐਈ, ਜਗਦੀਪ ਸਿੰਘ ਚੀਮਾ, ਰਾਜੀਵ ਵਰਮਾ ਮੰਡਲ ਪ੍ਰਧਾਨ, ਸਾਬਕਾ ਕੌਂਸਲਰ ਪੁਨੀਤ ਗੋਇਲ ਤੇ ਮੰਡੀ ਗੋਬਿੰਦਗੜ੍ਹ ਦੇ ਵੱਡੀ ਗਿਣਤੀ ਉਦਯੋਗਪਤੀ ਮੌਜੂਦ ਸਨ।