ਗ੍ਰੰਥੀ ਭੁਪਿੰਦਰ ਸਿੰਘ ਦਾ ਨਗਰ ਵਾਸੀਆਂ ਵੱਲੋਂ ਸਨਮਾਨ
52 ਸਾਲ ਸੇਵਾਵਾਂ ਨਿਭਾਉਣ ਵਾਲੇ ਗ੍ਰੰਥੀ ਭੁਪਿੰਦਰ ਸਿੰਘ ਦਾ ਨਗਰ ਵਾਸੀਆਂ ਵੱਲੋਂ ਸਨਮਾਨ
Publish Date: Tue, 21 Apr 2026 07:17 PM (IST)
Updated Date: Tue, 21 Apr 2026 07:22 PM (IST)
ਟੋ ਫ਼ਾਈਲ : 19 ਗਿਆਨੀ ਭੁਪਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰਦੁਆਰਾ ਸਿੰਘ ਸਭਾ ਪਿੰਡ ਬਹਿਲੋਲਪੁਰ ਵਿਖੇ ਲਗਭਗ 52 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਲਈ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਢਾਡੀ ਪਰਮਜੀਤ ਸਿੰਘ ਪਾਰਸ ਦੇ ਜਥੇ ਨੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ। ਸਮਾਗਮ ਦੌਰਾਨ ਗਿਆਨੀ ਭੁਪਿੰਦਰ ਸਿੰਘ ਨੂੰ ਨਗਰ ਵਾਸੀਆਂ ਵੱਲੋਂ ਇੱਕ ਸਾਈਕਲ, 51000 ਰੁਪਏ ਨਕਦ, ਲੋਈ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਬਾਰਾ ਸਿੰਘ ਨੇ ਦੱਸਿਆ ਕਿ ਗਿਆਨੀ ਭੁਪਿੰਦਰ ਸਿੰਘ 1973 ਤੋਂ 2025 ਤੱਕ ਨਿਰੰਤਰ ਸੇਵਾਵਾਂ ਨਿਭਾਉਂਦੇ ਰਹੇ ਹਨ ਅਤੇ ਉਨ੍ਹਾਂ ਦਾ ਜੀਵਨ ਸੰਗਤ ਲਈ ਪ੍ਰੇਰਨਾ ਸਰੋਤ ਰਿਹਾ ਹੈ। ਇਸ ਮੌਕੇ ਗ੍ਰੰਥੀ ਸਿੰਘ ਦੀਆਂ ਚਾਰ ਬੇਟੀਆਂ ਅਤੇ ਜਵਾਈਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਧਾਨ ਦਲਬਾਰਾ ਸਿੰਘ ਨੇ ਅਪੀਲ ਕੀਤੀ ਕਿ ਗ੍ਰੰਥੀ ਸਿੰਘਾਂ ਦਾ ਹਮੇਸ਼ਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਮੋਹਨਜੀਤ ਸਿੰਘ, ਮੇਹਰ ਸਿੰਘ, ਵਰਿੰਦਰ ਸਿੰਘ, ਸਰਬਜੀਤ ਸਿੰਘ, ਸੰਤੋਖ ਸਿੰਘ ਲੰਬੜਦਾਰ, ਗਿਆਨੀ ਨਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।