- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਭੰਗਾ ਜ਼ਿਲ੍ਹੇ ਦੇ ਗੈਗਟੀ ਪਿੰਡ ਦੀ ਰਹਿਣ ਵਾਲੀ ਰੂਪਾ ਆਪਣੇ ਮਾਪਿਆਂ ਅਤੇ ਭਰਾਵਾਂ ਨਾਲ ਕੰਮ ਲਈ ਦਿੱਲੀ ਆਈ ਸੀ। ਉਹ ਸਿੰਘੂ ਰੋਡ ’ਤੇ ਭਰੋਟਾ ਪਿੰਡ ਵਿੱਚ ਰਹਿ ਰਹੇ ਸਨ। 2015 ਵਿੱਚ ਉਹ ਖੇਡਣ ਲਈ ਘਰੋਂ ਬਾਹਰ ਗਈ ਸੀ ਅਤੇ ਲਾਪਤਾ ਹੋ ਗਈ ਸੀ, ਜੋ ਭਾਲ ਕਰਨ ’ਤੇ ਵੀ ਨਹੀਂ ਮਿਲੀ ਸੀ ਅਤੇ 7-5-2015 ਨੂੰ ਕੁੰਡਲੀ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : 2015 ਵਿੱਚ ਦਿੱਲੀ ਦੇ ਸਿੰਘੂ ਬਾਰਡਰ ਤੋਂ ਲਾਪਤਾ ਹੋਈ 7 ਸਾਲਾ ਬੱਚੀ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਫਤਿਹਗੜ੍ਹ ਸਾਹਿਬ ਨੇ 11 ਸਾਲ ਬਾਅਦ ਬੱਚੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ ਹੈ। ਧੀ ਨੂੰ ਇੰਨੇ ਸਾਲਾਂ ਬਾਅਦ ਦੇਖ ਕੇ ਮਾਂ ਦੇ ਹੰਝੂ ਨਹੀਂ ਸਨ ਰੁਕ ਰਹੇ ਅਤੇ ਬੱਚੀ ਨੂੰ ਮਾਪਿਆਂ ਦੇ ਸਪੁਰਦ ਕਰਨ ਮੌਕੇ ਬਣੇ ਮਾਹੌਲ ਨੇ ਕਮੇਟੀ ਮੈਂਬਰਾਂ ਅਤੇ ਹੋਰਨਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਲਗਪਗ 11 ਸਾਲਾਂ ਬਾਅਦ ਕੁੜੀ ਦੇ ਪਰਿਵਾਰ ਨੂੰ ਲੱਭਣ ਦਾ ਸਿਹਰਾ ਪੰਚਕੁਲਾ ਵਿੱਚ ਤਾਇਨਾਤ ਐੱਸਆਈ ਰਾਜੇਸ਼ ਕੁਮਾਰ ਨੂੰ ਜਾਂਦਾ ਹੈ, ਜਿਸ ਨੇ ਕੁੜੀ ਦੀਆਂ ਫੋਟੋਆਂ ਅਤੇ ਵੀਡੀਓ ਇੰਟਰਨੈੱਟ ’ਤੇ ਵਾਇਰਲ ਕੀਤੇ ਸਨ ਅਤੇ ਬੱਚੀ ਦੇ ਰਿਸ਼ਤੇਦਾਰ ਤੋਂ ਉਸ ਦੀ ਪਛਾਣ ਕੀਤੀ ਸੀ।
ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਐਡਵੋਕੇਟ ਅਨਿਲ ਗੁਪਤਾ ਅਤੇ ਕੁੜੀ ਦੀ ਮਾਂ ਸ਼ਾਂਤੀ ਦੇਵੀ ਨੇ ਦੱਸਿਆ ਕਿ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਗੈਗਟੀ ਪਿੰਡ ਦੀ ਰਹਿਣ ਵਾਲੀ ਰੂਪਾ ਆਪਣੇ ਮਾਪਿਆਂ ਅਤੇ ਭਰਾਵਾਂ ਨਾਲ ਕੰਮ ਲਈ ਦਿੱਲੀ ਆਈ ਸੀ। ਉਹ ਸਿੰਘੂ ਰੋਡ ’ਤੇ ਭਰੋਟਾ ਪਿੰਡ ਵਿੱਚ ਰਹਿ ਰਹੇ ਸਨ। 2015 ਵਿੱਚ ਉਹ ਖੇਡਣ ਲਈ ਘਰੋਂ ਬਾਹਰ ਗਈ ਸੀ ਅਤੇ ਲਾਪਤਾ ਹੋ ਗਈ ਸੀ, ਜੋ ਭਾਲ ਕਰਨ ’ਤੇ ਵੀ ਨਹੀਂ ਮਿਲੀ ਸੀ ਅਤੇ 7-5-2015 ਨੂੰ ਕੁੰਡਲੀ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਚੇਅਰਮੈਨ ਅਨਿਲ ਨੇ ਦੱਸਿਆ ਕਿ 1-5-2016 ਨੂੰ, ਸਰਹਿੰਦ ਰੇਲਵੇ ਪੁਲਿਸ ਨੇ ਲੜਕੀ ਨੂੰ ਲੱਭ ਕੇ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ ਅਤੇ ਕੌਂਸਲਿੰਗ ਦੌਰਾਨ ਬੱਚੀ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਨਹੀਂ। ਉਸ ਨੇ ਸਿਰਫ ਇਹ ਦੱਸਿਆ ਕਿ ਉਹ ਬਿਹਾਰ ਤੋਂ ਹੈ।
ਬਾਲ ਭਲਾਈ ਕਮੇਟੀ ਨੇ ਬਿਹਾਰ ਕਮੇਟੀ ਨਾਲ ਸੰਪਰਕ ਕੀਤਾ, ਪਰ ਉਸ ਨੂੰ ਲੱਭਣ ਵਿੱਚ ਅਸਫਲ ਰਹਿਣ ਤੋਂ ਬਾਅਦ ਕਮੇਟੀ ਨੇ ਉਸ ਨੂੰ ਪਟਿਆਲਾ ਦੇ ਪੂਰਨ ਬਾਲ ਨਿਕੇਤਨ ਗ੍ਰਹਿ ਭੇਜ ਦਿੱਤਾ, ਜਿੱਥੇ ਉਸ ਦੀ ਪਰਵਰਿਸ਼ ਹੋਈ ਅਤੇ ਸਿੱਖਿਆ ਪ੍ਰਾਪਤ ਕੀਤੀ। ਚੇਅਰਮੈਨ ਨੇ ਦੱਸਿਆ ਕਿ ਲਗਪਗ ਇੱਕ ਮਹੀਨਾ ਪਹਿਲਾਂ ਜਦੋਂ ਲੜਕੀ ਨੇ ਬਾਲ ਨਿਕੇਤਨ ਵਿੱਚ ਦਿਲਚਸਪੀ ਨਾ ਦਿਖਾਈ, ਤਾਂ ਕਮੇਟੀ ਨੇ ਉਸ ਨੂੰ ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਭੇਜ ਦਿੱਤਾ ਸੀ। ਚੇਅਰਮੈਨ ਅਨਿਲ ਗੁਪਤਾ ਨੇ ਦੱਸਿਆ ਕਿ ਸਤੰਬਰ 2025 ਵਿੱਚ ਪੰਚਕੁਲਾ ਦੇ ਐੱਸਆਈ ਰਾਜੇਸ਼ ਕੁਮਾਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਸੀ। ਉਸ ਨੇ ਲੜਕੀ ਦੀ ਪੂਰੀ ਜਾਣਕਾਰੀ ਲਈ ਜਿਸ ਵਿੱਚ ਉਸ ਦੇ ਦਸਤਾਵੇਜ਼, ਬਚਪਨ ਅਤੇ ਮੌਜੂਦਾ ਫੋਟੋਆਂ ਸ਼ਾਮਲ ਸਨ।
ਐੱਸਆਈ ਰਾਜੇਸ਼ ਕੁਮਾਰ, ਜਿਸ ਦੇ 170,000 ਤੋਂ ਵੱਧ ਲੋਕ ਫਾਲੋਅਰ ਹਨ, ਨੇ ਲੜਕੀ ਦੀ ਪੂਰੀ ਜਾਣਕਾਰੀ ਇੰਟਰਨੈੱਟ ’ਤੇ ਵਾਇਰਲ ਕਰ ਦਿੱਤੀ। ਉਸ ਦੀ ਮਾਸੀ ਦੀ ਧੀ ਨੇ ਲੜਕੀ ਦੀਆਂ ਵਾਇਰਲ ਫੋਟੋਆਂ ਅਤੇ ਵੀਡੀਓਜ਼ ਨੂੰ ਪਛਾਣ ਲਿਆ ਅਤੇ ਐੱਸਆਈ ਰਾਜੇਸ਼ ਕੁਮਾਰ ਨਾਲ ਸੰਪਰਕ ਕੀਤਾ। ਨਤੀਜੇ ਵਜੋਂ ਉਸ ਨੂੰ ਜਲੰਧਰ ਤੋਂ ਲਿਆਂਦਾ ਗਿਆ ਅਤੇ ਅੱਜ ਚੇਅਰਮੈਨ, ਕਮੇਟੀ ਮੈਂਬਰ ਵਰਿੰਦਰ ਕੌਰ, ਮਨੀਸ਼ਾ ਭਾਰਦਵਾਜ, ਬਾਲ ਸੁਰੱਖਿਆ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸ ਦੀ ਮਾਂ ਅਤੇ ਦੋ ਭਰਾਵਾਂ ਦੇ ਹਵਾਲੇ ਕਰ ਦਿੱਤਾ ਗਿਆ। ਉਸ ਦੇ ਪਿਤਾ ਦਾ 2018 ਵਿੱਚ ਦੇਹਾਂਤ ਹੋ ਗਿਆ ਸੀ। ਰੂਪਾ ਦੀ ਉਮਰ ਹੁਣ ਲਗਪਗ 18 ਸਾਲ ਦੀ ਹੈ ਤੇ ਉਹ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ।