ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਈਡੀ ਬਣਵਾਓ : ਡਾ. ਥਿੰਦ
ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਆਈਡੀ ਬਣਾਉਣੀ ਲਾਜ਼ਮੀ : ਡਾ. ਸੋਨਾ ਥਿੰਦ
Publish Date: Sat, 02 May 2026 06:07 PM (IST)
Updated Date: Sat, 02 May 2026 06:08 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਖੇਤੀਬਾੜੀ ਵਿਭਾਗ ਦੀਆਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਐਗਰੀਸਟੈਕ ਸਕੀਮ ਅਧੀਨ ਹਰ ਕਿਸਾਨ ਨੂੰ ਆਪਣੀ ਆਈਡੀ ਬਣਾਉਣੀ ਜ਼ਰੂਰੀ ਹੈ। ਇਸ ਨਾਲ ਕਿਸਾਨ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਹੋਰ ਸਰਕਾਰੀ ਸਹੂਲਤਾਂ ਪ੍ਰਾਪਤ ਕਰ ਸਕਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਐਗਰੀਸਟੈੱਕ ਫਾਰਮਰ ਰਜਿਸਟਰੀ ਸਬੰਧੀ ਖੇਤੀਬਾੜੀ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਕੀਮ ਅਧੀਨ ਆਈਡੀ ਬਣਾਉਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਜਿਸਟ੍ਰੇਸ਼ਨ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਂ ਨੇੜੇ ਦੇ ਕਾਮਨ ਸਰਵਿਸ ਸੈਂਟਰ ’ਤੇ ਜਾ ਕੇ ਕਰਵਾਉਣ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਲਗਭਗ 38000 ਕਿਸਾਨ ਖੇਤੀ ਕਰਦੇ ਹਨ, ਜਿਨ੍ਹਾਂ ਵਿੱਚੋਂ 5000 ਕਿਸਾਨ ਆਪਣੀਆਂ ਆਈਡੀ ਬਣਵਾ ਚੁੱਕੇ ਹਨ। ਵਿਭਾਗ ਵੱਲੋਂ ਪਿੰਡ ਪੱਧਰੀ ਕੈਂਪ ਲਗਾ ਕੇ ਇਹ ਆਈਡੀ ਮੁਫ਼ਤ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਕਿਸਾਨ ਆਪਣਾ ਆਧਾਰ ਕਾਰਡ, ਮੋਬਾਈਲ ਅਤੇ ਜਮ੍ਹਾਂਬੰਦੀ ਨਾਲ ਲੈ ਕੇ ਆਉਣ। ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।