ਲਿਫਟਿੰਗ ਨਾ ਹੋਣ ਕਾਰਨ ਫਿਰੋਜ਼ਪੁਰ ਮੰਡੀ ਦੇ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ, ਸਰਕਾਰ ਖ਼ਿਲਾਫ਼ ਨਾਅਰ੍ਹੇਬਾਜ਼ੀ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਅਨਾਜ ਮੰਡੀ ਫੋਕਲ ਪੁਆਇੰਟ ਪਿੰਡ ਫਿਰੋਜ਼ਪੁਰ ਵਿਖੇ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਮੰਡੀ ਦਾ ਦੌਰਾ ਕਰਨ ਅਤੇ ਪੀੜਤਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਕੀਤਾ। ਇਸ ਦੌਰਾਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ। ਸਾਬਕਾ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਪਿਛਲੇ 23 ਦਿਨਾਂ ਤੋਂ ਮੰਡੀ ਵਿਚ ਕਣਕ ਦੀ ਖ਼ਰੀਦ ਬੰਦ ਹੋ ਚੁੱਕੀ ਹੈ, ਪਰ ਸਰਕਾਰੀ ਏਜੰਸੀ ਪਨਸਪ ਨੇ ਖ਼ਰੀਦੀ ਗਈ 42 ਹਜ਼ਾਰ ਤੋਂ ਵੱਧ ਕਣਕ ਦੀ ਬੋਰੀ ਦੀ ਚੁਕਾਈ ਨਹੀਂ ਕੀਤੀ। ਆੜ੍ਹਤੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲਣ ਦੇ ਬਾਵਜੂਦ ਲਿਫਟਿੰਗ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਮਜ਼ਦੂਰਾਂ ਨੇ ਸ਼ਿਕਾਇਤ ਕੀਤੀ ਕਿ ਚੁਕਾਈ ਨਾ ਹੋਣ ਕਾਰਨ ਉਨ੍ਹਾਂ ਦੀ ਬਕਾਇਆ ਮਜ਼ਦੂਰੀ ਨਹੀਂ ਮਿਲ ਰਹੀ ਅਤੇ ਉਨ੍ਹਾਂ ਨੂੰ ਰਾਤਾਂ ਨੂੰ ਜਾਗ ਕੇ ਫ਼ਸਲ ਦੀ ਰਾਖੀ ਕਰਨੀ ਪੈ ਰਹੀ ਹੈ। ਮੰਡੀ ਵਿੱਚ ਪੀਣ ਵਾਲੇ ਪਾਣੀ ਅਤੇ ਬਿਜਲੀ ਦਾ ਵੀ ਕੋਈ ਯੋਗ ਪ੍ਰਬੰਧ ਨਹੀਂ ਹੈ। ਆੜ੍ਹਤੀਆਂ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਅਦਾਇਗੀਆਂ ਵੀ ਰੁਕੀਆਂ ਹੋਈਆਂ ਹਨ, ਜਦਕਿ ਨਿਯਮਾਂ ਅਨੁਸਾਰ 72 ਘੰਟੇ ’ਚ ਚੁਕਾਈ ਅਤੇ ਅਦਾਇਗੀ ਲਾਜ਼ਮੀ ਹੈ। ਮੰਡੀ ਦੀ ਮਿੱਟੀ ’ਚ ਸਿਉਂਕ ਹੋਣ ਕਾਰਨ ਹੇਠਲੀਆਂ ਬੋਰੀਆਂ ਖ਼ਰਾਬ ਹੋ ਰਹੀਆਂ ਹਨ ਅਤੇ ਕਣਕ ਦੇ ਵਜ਼ਨ ਵਿਚ ਵੀ ਕਮੀ ਆਉਣ ਦਾ ਡਰ ਬਣਿਆ ਹੋਇਆ ਹੈ। ਦੂਜੇ ਪਾਸੇ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਲੇਬਰ ਵੀ ਮੰਡੀ ਛੱਡ ਕੇ ਜਾਣ ਦੀ ਤਿਆਰੀ ਵਿੱਚ ਹੈ।