ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਬਲਾਕ ਜਖਵਾਲੀ ਦੇ ਸਕੂਲਾਂ ਦਾ ਨਿਰੀਖਣ
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਬਲਾਕ ਜਖਵਾਲੀ ਦੇ ਸਕੂਲਾਂ ਦਾ ਨਿਰੀਖਣ
Publish Date: Thu, 07 May 2026 08:35 PM (IST)
Updated Date: Fri, 08 May 2026 04:18 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰਵਿੰਦਰ ਕੌਰ ਵੱਲੋਂ ਬਲਾਕ ਜਖਵਾਲੀ ਦੇ ਵੱਖ-ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ ਵਿਖੇ ‘ਮਾਈਂਡ ਫੁਲਨੈੱਸ’ ਪ੍ਰੋਗਰਾਮ ਦਾ ਜਾਇਜ਼ਾ ਲਿਆ ਗਿਆ, ਜਿਸ ਤਹਿਤ ਬੱਚਿਆਂ ’ਚ ਪਾਜ਼ੇਟਿਵ ਊਰਜਾ ਵੇਖਣ ਨੂੰ ਮਿਲੀ। ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਵੱਲੋਂ ਵੀ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। ਇਸ ਤੋਂ ਉਪਰੰਤ ਮਿਸ਼ਨ ਸਮਰੱਥ 4.0 ਤਹਿਤ ਬੱਚਿਆਂ ਦੇ ਪੜ੍ਹਾਈ ਪੱਧਰ ਦੀ ਜਾਂਚ ਕੀਤੀ ਗਈ ਅਤੇ ਮੌਕੇ ’ਤੇ ਹੀ ਸਬੰਧਤ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। 12ਵੀਂ ਜਮਾਤ ਦੀ ਅੰਗਰੇਜ਼ੀ ਕਲਾਸ ਦੀ ਸਮੀਖਿਆ ਕਰਦਿਆਂ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਆਕਰਨ ਦੇ ਨੁਕਤੇ ਚੰਗੀ ਤਰ੍ਹਾਂ ਕਰਵਾਉਣ ਦੀ ਸਖ਼ਤ ਹਦਾਇਤ ਕੀਤੀ ਗਈ। ਸਰਕਾਰੀ ਮਿਡਲ ਸਕੂਲ ਨੌਲੱਖਾ ਦੇ ਦੌਰੇ ਦੌਰਾਨ ਐਸਐਸ ਮਾਸਟਰ ਰਾਜਿੰਦਰ ਸਿੰਘ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਪਾਈ ਗਈ। ਬੱਚਿਆਂ ਵੱਲੋਂ ਸਮਾਜਿਕ ਸਿੱਖਿਆ ਦੀਆਂ ਕਾਪੀਆਂ ’ਚ ਬਣਾਏ ਨਕਸ਼ੇ ਅਤੇ ਤਸਵੀਰਾਂ ਬਹੁਤ ਹੀ ਆਕਰਸ਼ਕ ਸਨ। ਇੱਥੇ 8ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ, ਜੋ ਵੱਡਾ ਹੋ ਕੇ ਆਈਏਐਸ ਅਫ਼ਸਰ ਬਣਨਾ ਚਾਹੁੰਦਾ ਹੈ। ਇਸ ਮਗਰੋਂ ਸਰਕਾਰੀ ਪ੍ਰਾਇਮਰੀ ਸਕੂਲ ਨੌਲੱਖਾ ਵਿਖੇ ਬੱਚਿਆਂ ਦੀ ਗੈਰ-ਹਾਜ਼ਰੀ ਕਾਰਨ ਅਧਿਆਪਕਾਂ ਨੂੰ ਤਾੜਨਾ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਨਲੀਨੀ ਬਸਤੀ ਵਿਖੇ ਬੱਚਿਆਂ ਤੋਂ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਸੁਣੀਆਂ ਗਈਆਂ ਅਤੇ ਸਕੂਲ ਸਟਾਫ਼ ਨੂੰ ਕੈਂਪਸ ਦੀ ਸਫ਼ਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ।