ਡੀਬੀਯੂ ਵੱਲੋਂ ਵਿਸ਼ਵ ਰਚਨਾਤਮਕਤਾ ਤੇ ਨਵੀਨਤਾ ਦਿਵਸ ਮਨਾਇਆ
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਵਿਸ਼ਵ ਰਚਨਾਤਮਕਤਾ ਅਤੇ ਨਵੀਨਤਾ ਦਿਵਸ ਮਨਾਇਆ
Publish Date: Sun, 03 May 2026 05:16 PM (IST)
Updated Date: Sun, 03 May 2026 05:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਬਿਜ਼ਨਸ ਮੈਨੇਜਮੈਂਟ ਤੇ ਕਾਮਰਸ ਵਿਭਾਗ ਵੱਲੋਂ ਇਨੋਵੇਸ਼ਨ ਮਿਸ਼ਨ ਪੰਜਾਬ ਅਤੇ ਡੀਬੀਯੂ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਵਿਸ਼ਵ ਰਚਨਾਤਮਕਤਾ ਅਤੇ ਨਵੀਨਤਾ ਦਿਵਸ ਮਨਾਇਆ ਗਿਆ। ‘ਗਲੋਬਲ ਤਰੱਕੀ ਲਈ ਰਚਨਾਤਮਕਤਾ ਦੀ ਵਰਤੋਂ’ ਵਿਸ਼ੇ ਹੇਠ ਕਰਵਾਏ ਗਏ ਸਮਾਗਮ ’ਚ ਨਵੀਨਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਤਵਨੀਤ ਕੇ ਰੀਨ ਨੇ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ। ਇਸ ਮੌਕੇ ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਸੰਦੀਪ ਸਿੰਘ, ਡਾ. ਗਗਨਦੀਪ ਕੌਰ, ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ, ਡਾ. ਗੁਰਦੀਪ ਸਿੰਘ ਬੱਤਰਾ, ਡਾ. ਨਿਧੀ ਗੁਪਤਾ, ਡਾ. ਦਿਨੇਸ਼ ਅਤੇ ਡਾ. ਬਲਦੀਪ ਸਿੰਘ ਨੇ ਸ਼ਿਰਕਤ ਕੀਤੀ। ਸਵਾਗਤੀ ਭਾਸ਼ਣ ਦੌਰਾਨ ਡਾ. ਦਿਨੇਸ਼ ਨੇ ਵਿਦਿਆਰਥੀਆਂ ’ਚ ਰਚਨਾਤਮਕ ਸੋਚ ਵਿਕਸਿਤ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨਵੀਨਤਾ ਸਿਰਫ਼ ਤਕਨਾਲੋਜੀ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਸਮਾਜਿਕ ਬਦਲਾਅ ਦਾ ਜ਼ਰੀਆ ਹੈ। ਚਾਂਸਲਰ ਡਾ. ਜੋਰਾ ਸਿੰਘ ਨੇ ਕਿਹਾ ਕਿ ਰਚਨਾਤਮਕਤਾ ਹਰ ਖੇਤਰ ’ਚ ਤਰੱਕੀ ਦਾ ਆਧਾਰ ਹੈ ਅਤੇ ਸਿੱਖਿਆ ਸੰਸਥਾਵਾਂ ਨੂੰ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਮਾਗਮ ਦੇ ਮੁੱਖ ਬੁਲਾਰੇ ਕੇਅਰਵੈਲ ਇੰਟਰਨੈਸ਼ਨਲ ਦੇ ਸੀਈਓ ਅਮਜਦ ਅਲੀ ਨੇ ਗਲੋਬਲ ਨਵੀਨਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਅਸਲ ਸਮੱਸਿਆਵਾਂ ਦੇ ਹੱਲ ’ਚ ਬਦਲਣ ਲਈ ਪ੍ਰੇਰਿਤ ਕੀਤਾ। ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸੀਓਓ ਆਸ਼ੀਸ਼ ਮਹਿਤਾ ਨੇ ਕਾਰੋਬਾਰ ’ਚ ਰਚਨਾਤਮਕਤਾ ਦੀ ਭੂਮਿਕਾ ਬਾਰੇ ਦੱਸਦਿਆਂ ਰਣਨੀਤਿਕ ਯੋਜਨਾਬੰਦੀ ਅਤੇ ਸਹਿਯੋਗ ’ਤੇ ਜ਼ੋਰ ਦਿੱਤਾ। ਅੰਤ ਵਿੱਚ ਡਾ. ਨਿਧੀ ਗੁਪਤਾ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲੈਂਦਿਆਂ ਨਵੀਨਤਾਕਾਰੀ ਵਿਚਾਰਾਂ ਬਾਰੇ ਜਾਣਕਾਰੀ ਹਾਸਲ ਕੀਤੀ।