ਮੰਡੀ ਗੋਬਿੰਦਗੜ੍ਹ ਕੌਂਸਲ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਮੰਗ
ਮੰਡੀ ਗੋਬਿੰਦਗੜ੍ਹ ਕੌਂਸਲ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਮੰਗ
Publish Date: Sun, 17 May 2026 06:23 PM (IST)
Updated Date: Sun, 17 May 2026 06:24 PM (IST)

-- ਭਾਜਪਾ ਆਗੂਆਂ ਨੇ ਪ੍ਰਸ਼ਾਸਨ ਨੂੰ ਲਿਖਿਆ ਪੱਤਰ ਫ਼ੋਟੋ ਫ਼ਾਈਲ : 10 -ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ। ਗਰਗ, ਪੰਜਾਬੀ ਜਾਗਰਣ, ਅਮਲੋਹ : ਨਗਰ ਕੌਂਸਲ ਚੋਣਾਂ ਮੰਡੀ ਗੋਬਿੰਦਗੜ੍ਹ ਸਬੰਧੀ ਭਾਰਤੀ ਜਨਤਾ ਪਾਰਟੀ ਦੀ ਇਕ ਮੀਟਿੰਗ ਜ਼ਿਲ੍ਹਾ ਸਕੱਤਰ ਰਵਿੰਦਰ ਪਦਮ ਦੀ ਅਗਵਾਈ ਹੇਠ ਹੋਈ। ਇਸ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਭਾਰੀ ਵਿਪਨ ਸੂਦ ਕਾਕਾ, ਕਵਰਵੀਰ ਸਿੰਘ ਟੌਹੜਾ, ਜਗਦੀਪ ਸਿੰਘ ਚੀਮਾ, ਪ੍ਰਦੀਪ ਗਰਗ, ਰਕੇਸ਼ ਗੁਪਤਾ, ਦੇਵੀ ਦਿਆਲ ਪਰਾਸ਼ਰ, ਸਾਹਿਲ ਗਰਗ, ਰਜੀਵ ਵਰਮਾ ਤੇ ਸਨੀ ਗੋਇਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਨਗਰ ਕੌਂਸਲ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣ। ਪਾਰਟੀ ਆਗੂਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਸੱਤਾਧਾਰੀ ਪਾਰਟੀ ਵਾਰਡ ਨੰਬਰ 9 ਤੋਂ ਆਪਣੇ ਉਮੀਦਵਾਰ ਨੂੰ ਨਿਰਵਿਰੋਧ ਜਿਤਾਉਣ ਲਈ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੋ-ਤਿੰਨ ਹੋਰ ਵਾਰਡਾਂ ’ਚ ਵੀ ਕੀਤਾ ਜਾ ਸਕਦਾ ਹੈ। ਭਾਜਪਾ ਆਗੂਆਂ ਨੇ ਸਥਾਨਕ ਵਿਧਾਇਕ ਨੂੰ ਚੇਤਾਵਨੀ ਦਿੱਤੀ ਕਿ ਉਹ ਚੋਣਾਂ ’ਚ ਗੁੰਡਾਗਰਦੀ ਨਹੀਂ ਚੱਲਣ ਦੇਣਗੇ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਅਤੇ ਐੱਸਡੀਐੱਮ ਨੂੰ ਲਿਖੇ ਪੱਤਰ ’ਚ ਮੰਗ ਕੀਤੀ ਹੈ ਕਿ ਇਹ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣ ਅਤੇ ਪ੍ਰਸ਼ਾਸਨ ਸਰਕਾਰ ਦੇ ਦਬਾਅ ’ਚ ਨਾ ਆਵੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੇ ਦਬਾਅ ਹੇਠ ਕਿਸੇ ਵੀ ਉਮੀਦਵਾਰ ਦੇ ਕਾਗਜ਼ ਗਲਤ ਤਰੀਕੇ ਨਾਲ ਰੱਦ ਨਾ ਕੀਤੇ ਜਾਣ। ਭਾਜਪਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪਾਰਟੀ ਹਾਈਕਮਾਨ ਦੇ ਧਿਆਨ ’ਚ ਸਾਰਾ ਮਾਮਲਾ ਲਿਆ ਦਿੱਤਾ ਗਿਆ ਹੈ। ਜੇਕਰ ਕਿਸੇ ਅਧਿਕਾਰੀ ਨੇ ਸਰਕਾਰ ਦੇ ਦਬਾਅ ਹੇਠ ਆ ਕੇ ਚੋਣ ਪ੍ਰਕਿਰਿਆ ’ਚ ਵਿਘਨ ਪਾਇਆ ਤਾਂ ਉਸ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਵੱਲੋਂ ਇਸ ਸਬੰਧੀ ਇੱਕ ਪੱਤਰ ਸੀਬੀਆਈ ਨੂੰ ਵੀ ਲਿਖਿਆ ਜਾ ਚੁੱਕਾ ਹੈ।