ਬੇਅਦਬੀ ਰੋਕਣ ਲਈ ਬਣਾਏ ਕਾਨੂੰਨ ਦੀ ਹੋ ਰਹੀ ਸ਼ਲਾਘਾ : ਸੀਐੱਮ ਮਾਨ
ਵਿਧਾਇਕ ਰਾਏ ਦੇ ਦਫਤਰ ਸਾਹਮਣੇ ਸੀਐਮ ਮਾਨ ਨੇ ਕੀਤਾ ਸੰਗਤਾਂ ਨੂੰ ਸੰਬੋਧਨ
Publish Date: Sat, 09 May 2026 06:57 PM (IST)
Updated Date: Sat, 09 May 2026 06:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼ੁਕਰਾਨਾ ਯਾਤਰਾ ਦਾ ਫਤਹਿਗੜ੍ਹ ਸਾਹਿਬ ਪਹੁੰਚਣ ’ਤੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੇ ਦਫ਼ਤਰ ਸਾਹਮਣੇ ਵਿਧਾਇਕ ਲਖਬੀਰ ਸਿੰਘ ਰਾਏ, ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ, ਐਸਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਇਆ ਗਿਆ ਹੈ ਜਿਸ ਦਾ ਪੰਜਾਬ ਭਰ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ, ਉਸੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਗਈ ਸੀ, ਜੋ ਕਿ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਹੁੰਦੇ ਹੋਏ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ। ਇਹ ਯਾਤਰਾ 6 ਮਈ ਨੂੰ ਸ਼ੁਰੂ ਕੀਤੀ ਗਈ ਸੀ ਤੇ 9 ਮਈ ਨੂੰ ਇਸ ਦੀ ਸਮਾਪਤੀ ਹੋ ਰਹੀ। ਪੰਜਾਬ ਭਰ ਦੇ ’ਚੋਂ ਥਾਂ-ਥਾਂ ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਉਕਤ ਕਾਨੂੰਨ ਬਣਾਉਣ ਦੇ ਲਈ ਧੰਨਵਾਦ ਵੀ ਕੀਤਾ ਗਿਆ ਹੈ। ਬਹੁਤ ਸਾਰੀਆਂ ਸੰਗਤਾਂ ਦੇ ਵੱਲੋਂ ਮਾਨ ਸਨਮਾਨ ਵੀ ਕੀਤਾ ਗਿਆ ਹੈ, ਉਹ ਉਨ੍ਹਾਂ ਸਾਰਿਆਂ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਹਲਕਾ ਫਤਹਿਗੜ੍ਹ ਸਾਹਿਬ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕਾਨੂੰਨ ਬਣਾਇਆ ਗਿਆ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਦੇ ਵਿਚ ਸਹਾਈ ਸਿੱਧ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਕੁਮਾਰ ਸੋਨੂੰ, ਨੰਬਰਦਾਰ ਬੰਟੀ ਸੈਣੀ, ਸਤੀਸ਼ ਲੁਟੌਰ, ਪ੍ਰਿਤਪਾਲ ਜੱਸੀ, ਦਵਿੰਦਰ ਸਿੰਘ, ਸਨੀ ਚੋਪੜਾ, ਥਾਣੇਦਾਰ ਬਲਜਿੰਦਰ ਸਿੰਘ, ਅਮਰਿੰਦਰ ਮੰਡੋਫਲ, ਕੁਲਵਿੰਦਰ ਡੇਰਾ, ਗੁਰਪ੍ਰੀਤ ਸਿੰਘ ਭਿੰਡਰ, ਬਲਵੀਰ ਸਿੰਘ ਸੋਢੀ ਆਦਿ ਵੀ ਮੌਜੂਦ ਸਨ।