ਮਾਡਰਨ ਵੈਲੀ ’ਚ ਅੱਜ ਹੋਵੇਗੀ ਸਿਵਲ ਡਿਫੈਂਸ ਦੀ ਮੋਕ ਡਰਿੱਲ
ਫਤਹਿਗੜ੍ਹ ਸਾਹਿਬ ਦੀ ਮਾਡਰਨ ਵੈਲੀ ਵਿਖੇ 24 ਅਪ੍ਰੈਲ ਨੂੰ ਹੋਵੇਗੀ ਸਿਵਲ ਡਿਫੈਂਸ ਦੀ ਮੋਕ ਡਰਿੱਲ
Publish Date: Thu, 23 Apr 2026 06:17 PM (IST)
Updated Date: Thu, 23 Apr 2026 06:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਥਾਨਕ ਮਾਡਰਨ ਵੈਲੀ ਵਿਖੇ 24 ਅਪ੍ਰੈਲ ਨੂੰ ਰਾਤ 8 ਵਜੇ ਸਿਵਲ ਡਿਫੈਂਸ ਵੱਲੋਂ ਏਅਰ ਰੇਡ ਅਤੇ ਬਲੈਕਆਊਟ ਮੋਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ। ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਜਾ ਰਹੀ ਇਸ ਮੋਕ ਡਰਿੱਲ ਸਬੰਧੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਸਾਇਰਨ ਰਾਹੀਂ ਏਅਰ ਰੇਡ ਚਿਤਾਵਨੀ ਦੇ ਕੇ ਕੀਤੀ ਜਾਵੇਗੀ। ਇਸ ਦੌਰਾਨ ਬਿਜਲੀ ਵਿਭਾਗ ਵੱਲੋਂ ਸਬੰਧਿਤ ਇਲਾਕੇ ਦੀਆਂ ਲਾਈਟਾਂ ਕੁਝ ਸਮੇਂ ਲਈ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਲੈਕਆਊਟ ਦੌਰਾਨ ਗੈਰ-ਜ਼ਰੂਰੀ ਬੱਤੀਆਂ ਬੰਦ ਰੱਖੀਆਂ ਜਾਣ, ਜਦਕਿ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਿੱਲ ਦੀ ਸ਼ੁਰੂਆਤ ਵਿੱਚ ਸਾਇਰਨ 2 ਮਿੰਟ ਲਈ ਰੁਕ-ਰੁਕ ਕੇ ਵੱਜੇਗਾ ਅਤੇ ਸਮਾਪਤੀ ’ਤੇ 2 ਮਿੰਟ ਲਈ ਲਗਾਤਾਰ ਸਾਇਰਨ ਵਜਾ ਕੇ ‘ਆਲ ਕਲੀਅਰ’ ਦਾ ਸੰਕੇਤ ਦਿੱਤਾ ਜਾਵੇਗਾ। ਇਸ ਅਭਿਆਸ ਦੌਰਾਨ ਅੱਗ ਬੁਝਾਊ ਕਾਰਵਾਈਆਂ, ਖੋਜ ਤੇ ਰਾਹਤ ਕਾਰਜ, ਮੁੱਢਲੀ ਸਹਾਇਤਾ ਅਤੇ ਟ੍ਰੈਫਿਕ ਕੰਟਰੋਲ ਵਰਗੇ ਕਾਰਜਾਂ ਦੀ ਰਿਹਰਸਲ ਹੋਵੇਗੀ। ਇਸ ਵਿੱਚ ਐੱਨਸੀਸੀ ਵਿਦਿਆਰਥੀ, ਸਿਵਲ ਡਿਫੈਂਸ, ਸਿਹਤ ਵਿਭਾਗ ਦੇ ਕਰਮਚਾਰੀ ਅਤੇ ਪੁਲਿਸ ਅਧਿਕਾਰੀ ਸ਼ਾਮਲ ਹੋਣਗੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਿਰਫ ਸੁਰੱਖਿਆ ਤਿਆਰੀਆਂ ਦੀ ਇੱਕ ਰੁਟੀਨ ਜਾਂਚ ਹੈ। ਇਸ ਸਬੰਧੀ ਪਹਿਲਾਂ ਹੋਈ ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਜਨਰਲ-ਕਮ-ਐੱਸਡੀਐੱਮ ਖਮਾਣੋਂ ਅਰਵਿੰਦ ਕੁਮਾਰ ਗੁਪਤਾ ਅਤੇ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਕੰਪਨੀ ਕਮਾਂਡਰ ਇੰਸਪੈਕਟਰ ਸੰਤੋਖ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੋਕ ਡਰਿੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।