ਭਾਜਪਾ ਨੇਤਾ ਕੰਵਰਵੀਰ ਸਿੰਘ ਟੌਹੜਾ ਦੀ ਅਗਵਾਈ ’ਚ ਮੁੱਖ ਮੰਤਰੀ ਨਾਇਬ ਸ

ਪੰਜਾਬੀ ਜਾਗਰਣ ਰਿਪੋਰਟਰ, ਸਰਹਿੰਦ : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ਤੇ ਸਥਿਤ ਭਾਜਪਾ ਸੂਬਾ ਸਕੱਤਰ ਇੰਜੀ. ਕੰਵਰਵੀਰ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਕਰਵਾਈ ਕਾਰਕੁੰਨ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵੱਡੀ ਗਿਣਤੀ ਵਿਚ ਪਹੁੰਚੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੇ ਜ਼ੋਰਦਾਰ ਸਵਾਗਤ ਕੀਤਾ। ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਰਾਜਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਸਲਰ ਸਤਨਾਮ ਸਿੰਘ ਸੰਧੂ, ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ, ਜ਼ਿਲ੍ਹਾ ਭਾਜਪਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸੀਨੀਅਰ ਭਾਜਪਾ ਨੇਤਾ ਗੇਜਾ ਰਾਮ, ਪ੍ਰਦੇਸ ਕਾਰਜਕਾਰਣੀ ਮੈਂਬਰ ਰਾਕੇਸ਼ ਗੁਪਤਾ ਇਕਬਾਲ ਸਿੰਘ, ਕੁਲਦੀਪ ਸਿੰਘ ਸਿੱਧੂਪੁਰ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ, ਜ਼ਿਲ੍ਹਾ ਖ਼ਜ਼ਾਨਚੀ ਸਾਹਿਲ ਗਰਗ, ਸਨੀ ਟੌਹੜਾ, ਰਾਜਨ ਕਕੜ ਹਿਤੇਸ਼ ਗਾਵੜੀ, ਨਾਰਾਇਣ ਦਾਸ ਮਨੋਜ ਅਤੇ ਵਿਕਰਮ ਸਿੰਘ ਸਮੇਤ ਹੋਰ ਵਰਕਰਾਂ ਨੂੰ ਵੀ ਹਿੱਸਾ ਲਿਆ। ਇਸ ਮੌਕੇ ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲੁਟੇਰਿਆ, ਨਸ਼ੇੜੀਆਂ ਅਤੇ ਕਰਜ਼ੇਦਾਰਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਲੋਕਾਂ ਨਾਲ ਇਨ੍ਹਾਂ ਦਾ ਕੋਈ ਸਰੋਕਾਰ ਨਹੀਂ। ਉਨ੍ਹਾਂ ਕਿਹਾ ਕਿ ਇਸ ਝੂਠੀ ਸਰਕਾਰ ਨੇ ਲੋਕਾਂ ਨਾਲ ਕੀਤੇ ਬਾਅਦੇ ਦੀ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ‘ਆਪ’ ਦਾ ਇਕ ਵਿਧਾਇਕ ਕਥਿਤ ਤੌਰ ’ਤੇ ਅਨਾਜ ਮੰਡੀਆਂ ’ਤੇ ਕਬਜ਼ਾ ਕਰਨ ਲੱਗ ਪਿਆ ਹੈ। ਜਿਸ ਨੂੰ ਭਾਰਤੀ ਜਨਤਾ ਪਾਰਟੀ ਕਦੇ ਨਹੀਂ ਹੋਣ ਦੇਵੇਗੀ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਪਵਿੱਤਰ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਦੇਸ਼ ਦੀ ਅਰਥਵਿਵਸਥਾ ਵਿਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਦਯੋਗਪਤੀ ਮੁਸ਼ਕਲ ਹਾਲਾਤਾਂ ਵਿਚ ਵੀ ਆਪਣੀ ਮਿਹਨਤ ਅਤੇ ਦ੍ਰਿੜ ਨਿਸਚੇ ਨਾਲ ਉਦਯੋਗ ਨੂੰ ਅੱਗੇ ਵਧਾ ਰਹੇ ਹਨ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ।