ਬਸੀ ਪਠਾਣਾਂ ਬੱਸ ਹਾਦਸਾ: ਮੌਤਾਂ ਦੀ ਗਿਣਤੀ ਵਧ ਕੇ 9 ਹੋਈ, ਇਕ ਹੋਰ ਜ਼ਖਮੀ ਬਜ਼ੁਰਗ ਮਹਿਲਾ ਨੇ ਤੋੜਿਆ ਦਮ
ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸੀ ਸਮੇਂ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿੱਚ ਸਵਾਰ ਪਿੰਡ ਮੈਨ ਮਾਜਰੀ ਨਿਵਾਸੀ ਇੱਕ ਹੋਰ ਬਜ਼ੁਰਗ ਮਹਿਲਾ ਸ਼ਰਧਾਲੂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਜਿਸ ਨਾਲ ਇਸ ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ।
Publish Date: Fri, 17 Apr 2026 12:16 PM (IST)
Updated Date: Fri, 17 Apr 2026 12:20 PM (IST)
ਪੱਤਰ ਪ੍ਰੇਰਕ ,ਬਸੀ ਪਠਾਣਾਂ। ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰੇ ਭਿਆਨਕ ਬੱਸ ਹਾਦਸੇ ਵਿੱਚ ਅੱਜ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਾਦਸੇ ਵਿੱਚ ਜ਼ਖਮੀ ਹੋਈ ਪਿੰਡ ਮੈਨ ਮਾਜਰੀ ਦੀ ਰਹਿਣ ਵਾਲੀ 70 ਸਾਲਾ ਬਜ਼ੁਰਗ ਮਹਿਲਾ ਦਲਜੀਤ ਕੌਰ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸ਼ਰਧਾਲੂਆਂ ਦੀ ਕੁੱਲ ਗਿਣਤੀ ਹੁਣ 9 ਹੋ ਗਈ ਹੈ।
ਪੀਜੀਆਈ ਤੋਂ ਛੁੱਟੀ ਮਿਲਣ ਮਗਰੋਂ ਵਿਗੜੀ ਸੀ ਤਬੀਅਤ
ਨਗਰ ਨਿਵਾਸੀ ਸਰਬਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਕੌਰ (ਪਤਨੀ ਸਵ. ਭਜਨ ਸਿੰਘ) ਨੂੰ ਹਾਦਸੇ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ। ਉੱਥੇ ਹਾਲਤ ਵਿੱਚ ਸੁਧਾਰ ਹੋਣ 'ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪਰ ਬੀਤੀ ਦੇਰ ਰਾਤ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੇਸ-6 ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਅੱਜ ਤੜਕੇ ਉਨ੍ਹਾਂ ਦੀ ਮੌਤ ਹੋ ਗਈ।
15 ਅਪ੍ਰੈਲ ਨੂੰ ਵਾਪਰਿਆ ਸੀ ਹਾਦਸਾ
ਜ਼ਿਕਰਯੋਗ ਹੈ ਕਿ 15 ਅਪ੍ਰੈਲ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਿੰਡ ਹਿੰਮਤਪੁਰਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਸ ਸਮੇਂ ਦੋ ਮਹਿਲਾਵਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਤੋਂ ਵੱਧ ਸ਼ਰਧਾਲੂ ਜ਼ਖਮੀ ਹੋਏ ਸਨ। ਇਸ ਘਟਨਾ ਕਾਰਨ ਪਿੰਡ ਮੈਨ ਮਾਜਰੀ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਸਰੀ ਹੋਈ ਹੈ।